ਵਿਆਹ ਕਰਵਾ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ 32 ਲੱਖ ਰੁਪਏ ਦੀ ਠੱਗੀ
Monday, Jul 30, 2018 - 12:24 PM (IST)
ਮੋਗਾ (ਆਜ਼ਾਦ) - ਬਠਿੰਡਾ ਜ਼ਿਲੇ ਦੇ ਪਿੰਡ ਖੇਮੂਆਣਾ ਨਿਵਾਸੀ ਅਮਰਜੀਤ ਸਿੰਘ ਨੂੰ ਮੈਰਿਜ ਬਿਊਰੋ ਦੇ ਸੰਚਾਲਕਾਂ ਵੱਲੋਂ ਆਪਣੇ ਜਾਲ 'ਚ ਫਸਾ ਕੇ ਕੈਨੇਡੀਅਨ ਲੜਕੀ ਨਾਲ ਵਿਆਹ ਕਰ ਕੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 32 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕੈਨੇਡਾ ਰਹਿੰਦੀਆਂ ਐੱਨ. ਆਰ. ਆਈ. ਭੈਣਾਂ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤ ਨੌਜਵਾਨ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਵਿਦੇਸ਼ ਜਾਣ ਦਾ ਚਾਹਵਾਨ ਸੀ। ਉਸ ਨੇ ਮੈਰਿਜ ਬਿਊਰੋ ਦੇ ਸੰਚਾਲਕ ਜਗਸੀਰ ਸਿੰਘ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਕਿਹਾ ਕਿ ਗੁਰਚਰਨ ਸਿੰਘ ਅਤੇ ਮਨੋਜ ਕੁਮਾਰ, ਜੋ ਮੈਰਿਜ ਬਿਊਰੋ ਚਲਾਉਂਦਾ ਹੈ, ਕੈਨੇਡਾ ਰਹਿੰਦੀ ਲੜਕੀ ਨਾਲ ਤੁਹਾਡਾ ਵਿਆਹ ਕਰਵਾ ਕੇ ਕੈਨੇਡਾ ਭੇਜ ਦੇਣਗੇ, ਜਿਸ ਦਾ ਖਰਚਾ 32 ਲੱਖ ਰੁਪਏ ਆਵੇਗਾ। 10 ਦਿਨਾਂ ਬਾਅਦ ਉਕਤ ਮੈਰਿਜ ਬਿਊਰੋ ਸੰਚਾਲਕਾਂ ਨੇ ਸਾਨੂੰ ਲੜਕੀ ਅਵਿਨਾਸ਼ ਕੌਰ ਦੇ ਕੈਨੇਡਾ ਤੋਂ ਆਉਣ ਬਾਰੇ ਦੱਸਿਆ। ਅਸੀਂ ਦੁਬਾਰਾ ਉਨ੍ਹਾਂ ਦੇ ਘਰ ਚਲੇ ਗਏ, ਜਿਥੇ ਉਕਤ ਲੜਕੀ ਤੋਂ ਇਲਾਵਾ ਮਾਤਾ ਕਮਲਜੀਤ ਕੌਰ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੜਕੀ ਤਲਾਕਸ਼ੁਦਾ ਹੈ, ਅਸੀਂ ਤੁਹਾਡਾ ਵਿਆਹ ਕਰਵਾ ਕੇ ਪੱਕੇ ਤੌਰ 'ਤੇ ਕੈਨੇਡਾ ਭੇਜ ਦੇਵਾਂਗਾ, ਜਿਸ 'ਤੇ ਸਾਡੀ ਗੱਲਬਾਤ ਤੈਅ ਹੋ ਗਈ। ਉਕਤ ਮੈਰਿਜ ਸੰਚਾਲਕਾਂ ਨੇ 1 ਜਨਵਰੀ, 2012 ਨੂੰ ਮੋਗਾ ਜ਼ਿਲੇ ਦੇ ਕਸਬਾ ਬਿਲਾਸਪੁਰ 'ਚ ਮੇਰਾ ਵਿਆਹ ਕੈਨੇਡੀਅਨ ਸਿਟੀਜ਼ਨ ਅਵਿਨਾਸ਼ ਕੌਰ ਨਾਲ ਕਰਵਾ ਦਿੱਤਾ।
ਉਸ ਮੌਕੇ ਸਾਡੇ ਰਿਸ਼ਤੇਦਾਰ ਵੀ ਮੌਜੂਦ ਸਨ, ਜਦਕਿ ਲੜਕੀ ਵਾਲਿਆਂ ਵੱਲੋਂ ਅਣਪਛਾਤੇ ਵਿਅਕਤੀ ਸ਼ਾਮਲ ਹੋਏ। ਅਸੀਂ ਉਨ੍ਹਾਂ ਨੂੰ ਅਤੇ ਮੈਰਿਜ ਸੰਚਾਲਕਾਂ ਨੂੰ 32 ਲੱਖ ਰੁਪਏ ਦੇ ਦਿੱਤੇ। ਵਿਆਹ ਤੋਂ 20-25 ਦਿਨਾਂ ਬਾਅਦ ਉਕਤ ਲੜਕੀ ਅਤੇ ਉਸ ਦੀ ਮਾਤਾ ਕੈਨੇਡਾ ਚਲੇ ਗਏ। ਉਸ ਨੇ ਮੈਨੂੰ ਕਿਹਾ ਕਿ ਉਹ ਉਸ ਨੂੰ ਕੈਨੇਡਾ ਬਲਾਉਣ ਲਈ ਜਲਦ ਹੀ ਪੇਪਰ ਅਪਲਾਈ ਕਰ ਦੇਵੇਗੀ। ਕੈਨੇਡਾ ਜਾ ਕੇ ਉਹ ਮੇਰੇ ਨਾਲ ਫੋਨ 'ਤੇ ਗੱਲਬਾਤ ਕਰਦੀ ਰਹੀ ਪਰ ਪੇਪਰ ਅਪਲਾਈ ਕਰਨ ਲਈ ਟਾਲ-ਮਟੋਲ ਕਰਦੀ ਰਹੀ। ਵਿਆਹ ਤੋਂ ਸੱਤ ਮਹੀਨੇ ਬਾਅਦ ਉਸ ਨੇ ਮੇਰੀ ਫਾਈਲ ਅੰਬੈਸੀ 'ਚ ਲਾਈ ਅਤੇ ਫਰਵਰੀ 2013 ਨੂੰ ਮੈਨੂੰ ਅੰਬੈਸੀ ਵੱਲੋਂ ਇੰਟਰਵਿਊ ਲਈ ਬੁਲਾਇਆ ਗਿਆ। ਅੰਬੈਸੀ ਅਧਿਕਾਰੀਆਂ ਵੱਲੋਂ ਜਦ ਉਕਤ ਲੜਕੀ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਨਾਲ ਸੰਪਰਕ ਨਹੀਂ ਹੋਇਆ, ਜਿਸ ਕਾਰਨ ਸਾਡੀ ਇੰਟਰਵਿਊ ਫੇਲ ਹੋ ਗਈ ਅਤੇ ਸਾਡਾ ਕੇਸ ਰਿਫਿਊਜ਼ ਹੋ ਗਿਆ। ਅਸੀਂ ਪੰਚਾਇਤ ਰਾਹੀਂ ਗੱਲਬਾਤ ਕੀਤੀ ਤਾਂ ਦੁਬਾਰਾ ਅਪੀਲ ਕਰਨ ਲਈ ਕਿਹਾ ਪਰ ਉਹ ਵੀ ਕਥਿਤ ਦੋਸ਼ੀਆਂ ਦੀ ਮਿਲੀਭੁਗਤ ਨਾਲ ਰੱਦ ਹੋ ਗਈ। ਇਸ ਦੇ ਬਾਅਦ ਉਹ ਸਾਨੂੰ ਧਮਕੀਆਂ ਦੇਣ ਲੱਗੇ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਨਾ ਤਾਂ ਸਾਡੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਮੈਨੂੰ ਕੈਨੇਡਾ ਬੁਲਾਇਆ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਐੱਸ. ਪੀ. ਆਈ. ਵਜ਼ੀਰ ਸਿੰਘ ਨੇ ਕੀਤੀ, ਜਿਨ੍ਹਾਂ ਨੇ ਕਥਿਤ ਦੋਸ਼ੀਆਂ ਦੇ ਇਲਾਵਾ ਦੂਸਰੀ ਧਿਰ ਨੂੰ ਵੀ ਜਾਂਚ 'ਚ ਸ਼ਾਮਲ ਹੋਣ ਲਈ ਕਿਹਾ ਪਰ ਲੜਕੀ ਅਤੇ ਉਸ ਦੇ ਪਰਿਵਾਰ ਵਾਲੇ ਕੈਨੇਡਾ ਹੋਣ ਕਾਰਨ ਜਾਂਚ 'ਚ ਸ਼ਾਮਲ ਨਹੀਂ ਹੋਏ, ਜਦਕਿ ਸ਼ਿਕਾਇਤ ਕਰਤਾ ਕਈ ਮੋਹਤਬਰ ਵਿਅਕਤੀਆਂ ਨੂੰ ਲੈ ਕੇ ਜਾਂਚ 'ਚ ਸ਼ਾਮਲ ਹੋ ਗਏ। ਦੋਸ਼ ਸਹੀ ਪਾਏ ਜਾਣ 'ਤੇ ਥਾਣਾ ਸਿਟੀ ਮੋਗਾ 'ਚ ਕੈਨੇਡੀਅਨ ਸਿਟੀਜ਼ਨ ਲੜਕੀ, ਉਸ ਦੇ ਪਿਤਾ, ਮਾਂ, ਭਰਾ, ਭੈਣ ਅਤੇ ਮੈਰਿਜ ਬਿਊਰੋ ਸੰਚਾਲਕ, ਮਨੋਜ ਕੁਮਾਰ, ਜਗਸੀਰ ਸਿੰਘ ਦੇ ਖਿਲਾਫ ਕਥਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਨੇਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
