ਮੁਦਰਾ ਲੋਨ ਦੇ ਨਾਮ ''ਤੇ ਵਿਅਕਤੀ ਨਾਲ ਮਾਰੀ ਠੱਗੀ
Wednesday, Jan 01, 2025 - 04:47 PM (IST)
ਫਿਰੋਜ਼ਪੁਰ (ਮਲਹੋਤਰਾ) : ਇੱਕ ਵਿਅਕਤੀ ਨੂੰ ਮੁਦਰਾ ਲੋਨ ਵਜੋਂ 60 ਹਜ਼ਾਰ ਰੁਪਏ ਦੁਆਉਣ ਦਾ ਲਾਰਾ ਲਗਾ ਕੇ ਉਸ ਦੇ ਨਾਂ 'ਤੇ ਲੱਖਾਂ ਰੁਪਏ ਦਾ ਕਰਜ ਜਾਰੀ ਕਰਵਾਉਣ ਵਾਲੇ 6 ਦੋਸ਼ੀਆਂ ਦੇ ਖ਼ਿਲਾਫ਼ ਪੁਲਸ ਨੇ ਜਾਂਚ ਉਪਰੰਤ ਪਰਚਾ ਦਰਜ ਕੀਤਾ ਹੈ। ਦੋਸ਼ੀਆਂ ਵਿਚ ਇੰਡੀਅਨ ਓਵਰਸੀਜ਼ ਬੈਂਕ ਸਿਟੀ ਸ਼ਾਖਾ ਦਾ ਪ੍ਰਬੰਧਕ ਵੀ ਸ਼ਾਮਲ ਹੈ। ਥਾਣਾ ਸਿਟੀ ਦੇ ਏ. ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਕਾਲੀਆ ਵਾਸੀ ਤੂੜੀ ਬਾਜ਼ਾਰ ਨੇ ਅਗਸਤ ਮਹੀਨੇ ਵਿਚ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਸਦਾ ਇੰਡੀਅਨ ਓਵਰਸੀਜ਼ ਬੈਂਕ ਦੀ ਸਿਟੀ ਬ੍ਰਾਂਚ ਵਿਚ ਖ਼ਾਤਾ ਹੈ। ਉਕਤ ਸ਼ਾਖਾ ਦੇ ਪ੍ਰਬੰਧਕ ਸੁਮਿਤ ਚਲਾਨੀਆ ਅਤੇ ਉਸਦੇ ਸਾਥੀਆਂ ਗਗਨਦੀਪ ਵਾਸੀ ਛੱਤੀ ਗਲੀ, ਦੀਪਕ ਸ਼ਰਮਾ, ਰਚਿਤ ਗਰੋਵਰ, ਸਤਪਾਲ ਗਰੋਵਰ, ਕਾਰਤਿਕ ਗਰੋਵਰ ਵਾਸੀ ਕੇ. ਵੀ. ਐੱਮ. ਕਾਲੋਨੀ ਨੇ ਉਸ ਨੂੰ 60 ਹਜ਼ਾਰ ਰੁਪਏ ਦਾ ਮੁਦਰਾ ਲੋਨ ਦੁਆਉਣ ਦੇ ਲਾਰੇ ਵਿਚ ਲੈ ਲਿਆ।
ਦੋਸ਼ੀਆਂ ਨੇ ਮਿਲੀ-ਭੁਗਤ ਕਰਕੇ ਉਸ ਕੋਲੋਂ 5 ਲੱਖ ਰੁਪਏ ਦੇ ਲੋਨ ਦਸਤਾਵੇਜ਼ਾਂ ਤੇ ਦਸਤਖ਼ਤ ਕਰਵਾ ਲਏ ਅਤੇ ਖ਼ਾਲੀ ਚੈੱਕਾਂ ਤੇ ਵੀ ਦਸਤਖ਼ਤ ਲੈ ਲਏ। ਦੋਸ਼ੀਆਂ ਨੇ ਉਸ ਦੇ ਨਾਂ 'ਤੇ 5 ਲੱਖ ਰੁਪਏ ਦਾ ਮੁਦਰਾ ਲੋਨ ਜਾਰੀ ਕਰਵਾ ਲਿਆ, ਜਦਕਿ ਉਸ ਨੂੰ ਸਿਰਫ 45 ਹਜ਼ਾਰ ਰੁਪਏ ਦਿੱਤੇ, ਬਾਕੀ ਰਾਸ਼ੀ ਇਨ੍ਹਾਂ ਨੇ ਗਲੋਬਲ ਇੰਡਸਟਰੀਜ਼ ਖਰੜ ਦੇ ਖ਼ਾਤੇ ਵਿਚ ਟਰਾਂਸਫਰ ਕਰਵਾ ਦਿੱਤੀ ਅਤੇ ਉਸ ਦੇ ਨਾਲ ਧੋਖਾ ਕੀਤਾ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ 'ਤੇ ਉਕਤ ਸਾਰਿਆਂ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।