ਔਰਤ ਦੇ ਖਾਤੇ ’ਚੋਂ ਆਨਲਾਈਨ ਟਰਾਂਸਫਰ ਕਰ ਕੇ 2 ਲੱਖ ਦੀ ਠੱਗੀ

Saturday, Jul 20, 2024 - 02:01 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਯੂ. ਟੀ. ਸਾਈਬਰ ਪੁਲਸ ਨੇ ਇਕ ਔਰਤ ਦੇ ਖ਼ਾਤੇ ’ਚੋਂ ਧੋਖਾਧੜੀ ਕਰ ਕੇ ਦੂਜੇ ਦੇ ਖ਼ਾਤੇ ’ਚ 2 ਲੱਖ ਰੁਪਏ ਟਰਾਂਸਫਰ ਕਰਨ ਦੇ ਦੋਸ਼ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਰਕਮ ਬਿਹਾਰ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਖ਼ਾਤੇ ’ਚ ਟਰਾਂਸਫਰ ਕੀਤੀ ਗਈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੈਕਟਰ-47 ਦੀ ਵਸਨੀਕ ਵੈਸ਼ਾਲੀ ਨੇ ਸਾਈਬਰ ਥਾਣਾ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਕਿਹਾ ਕਿ ਉਸ ਦਾ ਐੱਚ. ਡੀ. ਐੱਫ. ਸੀ. ਬੈਂਕ ’ਚ ਖ਼ਾਤਾ ਹੈ। ਉਸ ਨੇ ਦੱਸਿਆ ਕਿ 14 ਮਈ, 2024 ਨੂੰ ਉਹ ਬੈਂਕ ਦੇ ਹੈਲਪਲਾਈਨ ਨੰਬਰ 'ਤੇ ਕੋਲਫੋ ਬੈਂਕ ਦੇ ਪ੍ਰਤੀਨਿਧੀ ਨਾਲ ਗੱਲ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ’ਤੇ ਉਸ ਦੇ ਖ਼ਾਤੇ ’ਚੋਂ ਨੈੱਟ ਬੈਂਕਿੰਗ ਰਾਹੀਂ ਬਿਹਾਰ ’ਚ ਗੁਆਤਮ ਕੁਮਾਰ ਦੇ ਖ਼ਾਤੇ ’ਚ 2 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ।

ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਲੈਣ-ਦੇਣ ਨੂੰ ਅਧਿਕਾਰਤ ਨਹੀਂ ਕੀਤਾ ਅਤੇ ਉਸ ਦੇ ਖ਼ਾਤੇ ’ਚੋਂ 2 ਲੱਖ ਰੁਪਏ ਦੇ ਲੈਣ-ਦੇਣ ਨੂੰ ਅਧਿਕਾਰਤ ਕਰਨ ਦੇ ਸਬੰਧ ’ਚ ਬੈਂਕ ਤੋਂ ਕੋਈ ਕਾਲ ਵੀ ਨਹੀਂ ਆਈ। ਉਸ ਨੇ ਆਪਣੀ ਬੈਂਕ ਸ਼ਾਖਾ ਤੋਂ ਜਾਂਚ ਕੀਤੀ ਅਤੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਪੈਸੇ ਬਿਹਾਰ ਦੇ ਖ਼ਾਤੇ ’ਚ ਟਰਾਂਸਫਰ ਕੀਤੇ ਗਏ ਸਨ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਪੁਲਸ ਦੇ ਸਾਈਬਰ ਸੈੱਲ ਥਾਣੇ 'ਚ ਦਿੱਤੀ। ਇਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


Babita

Content Editor

Related News