ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੇ ਲੱਖਾਂ, ਪਿਓ-ਪੁੱਤ ਸਣੇ ਚਾਰ ’ਤੇ ਮਾਮਲਾ ਦਰਜ

Sunday, May 12, 2024 - 02:27 PM (IST)

ਖਰੜ (ਰਣਬੀਰ) : ਮੰਤਰੀ, ਸੰਤਰੀ ਅਤੇ ਹਾਈ ਪ੍ਰੋਫਾਈਲ ਰਸੂਖ਼ਦਾਰ ਲੋਕਾਂ ਦੇ ਨਾਲ ਜਾਣ-ਪਛਾਣ ਦੀਆਂ ਗੱਲਾਂ ਕਰ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲਿਆਂ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਸਿਟੀ ਪੁਲਸ ਨੇ ਪਿਓ-ਪੁੱਤਰ ਸਣੇ 4 ਵਿਅਕਤੀਆਂ ਖ਼ਿਲਾਫ਼ ਪਿੰਡ ਮੱਛਲੀ ਕਲਾਂ ਨਿਵਾਸੀ ਗੌਰਵ ਕੁਮਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਗੁਰਪ੍ਰੀਤ ਸਿੰਘ ਮਾਤਾ ਗੁਜਰੀ ਕਾਲੋਨੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਸੈਕਟਰ-43 ਚੰਡੀਗੜ੍ਹ, ਗੁਰਪ੍ਰੀਤ ਸਿੰਘ ਅਤੇ ਪ੍ਰੀਤਮ ਸਿੰਘ ਮਾਲਕ ਗੁਰੂ ਸਕਿਓਰਟੀ ਸੈਕਟਰ-70 ਮੋਹਾਲੀ ਖ਼ਿਲਾਫ਼ ਦਰਜ ਕੀਤਾ ਗਿਆ ਹੈ।

ਸ਼ਿਕਾਇਤ ’ਚ ਗੌਰਵ ਨੇ ਦੱਸਿਆ ਕਿ ਉਸ ਦੇ ਭਰਾ ਕਮਲਜੀਤ ਸਿੰਘ ਨੂੰ ਪ੍ਰੀਤਮ ਸਿੰਘ ਨਾਂ ਦਾ ਵਿਅਕਤੀ ਮਿਲਿਆ ਸੀ। ਜਿਸ ਨੇ ਉਸ ਨੂੰ ਫਾਇਰਮੈਨ ਦੀ ਨੌਕਰੀ ਦਿਵਾਉਣ ਦਾ ਝਾਂਸਾ ਦਿੰਦਿਆਂ ਉਸ ਕੋਲੋਂ 7 ਲੱਖ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਦੋਵੇਂ ਭਰਾਵਾਂ ਨੂੰ ਨੌਕਰੀ ਲਗਵਾਉਣ ਲਈ ਇਕ ਤਰ੍ਹਾਂ ਨਾਲ ਪੇਸ਼ਗੀ ਵਜੋਂ ਇਕ ਲੱਖ ਰੁਪਏ ਦਿੱਤੇ ਸਨ। ਬਦਲੇ ’ਚ ਪ੍ਰੀਤਮ ਸਿੰਘ ਨੇ ਇਕ ਲੱਖ ਦਾ ਸਕਿਓਰਿਟੀ ਚੈੱਕ ਵੀ ਦਿੱਤਾ ਸੀ। ਤਿੰਨ ਮਹੀਨੇ ਬਾਅਦ ਪ੍ਰੀਤਮ ਸਿੰਘ ਨੇ ਕਿਹਾ ਕਿ ਦੋਹਾਂ ਭਰਾਵਾਂ ਦੇ ਨਾਮ ਲਿਸਟ ਵਿਚ ਆ ਗਏ ਹਨ ਅਤੇ ਹੁਣ ਉਹ ਤੁਰੰਤ 4 ਲੱਖ ਰੁਪਏ ਜਮ੍ਹਾਂ ਕਰਵਾ ਦੇਣ। ਉਨ੍ਹਾਂ ਨੇ ਚਾਰ ਲੱਖ ਜਮ੍ਹਾਂ ਕਰਵਾ ਦਿੱਤੇ ਅਤੇ ਬਾਕੀ ਦੇ ਦੋ ਲੱਖ ਰੁਪਏ ਕੰਮ ਹੋ ਜਾਣ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ।

ਜਿਸ ਤੋਂ ਬਾਅਦ ਮੁਲਜ਼ਮ ਟਾਲਮਟੋਲ ਕਰਨ ਲੱਗੇ ਤੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਠੱਗੀ ਦਾ ਪਤਾ ਲੱਗਿਆ। ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਪੁਲਸ ਦੇ ਕੋਲ ਪਿੰਡ ਰੰਗੀਆ ਨਿਵਾਸੀ ਭੁਪਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਕਤ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਉਸ ਨੂੰ ਮੰਤਰੀਆਂ ਤੇ ਹੋਰ ਅਧਿਕਾਰੀਆਂ ਨਾਲ ਫੋਟੋਆਂ ਦਿਖਾ ਕੇ ਝਾਂਸੇ ਵਿਚ ਲੈ ਕੇ ਉਸ ਕੋਲੋਂ ਤੇ ਉਸ ਦੇ ਰਿਸ਼ਤੇਦਾਰਾਂ ਕੋਲੋਂ 18 ਲੱਖ ਰੁਪਏ ਖਾਤੇ ਵਿਚ ਵਿਚ ਟਰਾਂਸਫਰ ਕਰਵਾ ਲਏ ਤੇ ਬਾਅਦ ਵਿਚ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਿਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
 


Babita

Content Editor

Related News