ਮੋਬਾਇਲ ''ਤੇ ਚਲਾਨ ਦਾ ਮੈਸੇਜ ਭੇਜ ਕੇ ਖਾਤੇ ''ਚੋਂ ਕੱਢਵਾਏ 60 ਹਜ਼ਾਰ
Wednesday, Mar 13, 2024 - 01:28 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਆਨਲਾਈਨ ਧੋਖੇਬਾਜ਼ਾਂ ਨੇ ਮੋਬਾਇਲ 'ਤੇ ਟ੍ਰੈਫਿਕ ਚਲਾਨ ਦਾ ਮੈਸੇਜ ਭੇਜ ਕੇ 60 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਮੁੱਢਲੀ ਜਾਂਚ ਤੋਂ ਬਾਅਦ ਸਾਈਬਰ ਸੈੱਲ ਨੇ ਅਣਪਛਾਤੇ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸੈਕਟਰ-47ਬੀ ਦੇ ਵਸਨੀਕ ਜਗਦੀਸ਼ਵਰ ਰਾਓ ਪਟਨਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ 31 ਜਨਵਰੀ ਨੂੰ ਡਰਾਈਵਿੰਗ ਸਬੰਧੀ ਇੱਕ ਮੈਸੇਜ ਆਇਆ ਸੀ, ਜਿਸ 'ਚ ਵਾਹਨ ਪਰਿਵਹਨ ਦੀ ਏ. ਪੀ. ਕੇ ਫਾਰਮੈਟ ਫਾਈਲ ਨੱਥੀ ਕੀਤੀ ਗਈ ਸੀ। ਜਦੋਂ ਉਕਤ ਫਾਈਲ ਖੋਲ੍ਹੀ ਗਈ ਤਾਂ ਜਿਸ ਵਾਹਨ ਦਾ ਚਲਾਨ ਭੇਜਿਆ ਗਿਆ ਸੀ, ਉਹ ਉਸ ਦੀ ਨਹੀਂ ਸੀ।
ਇਸ ਤੋਂ ਬਾਅਦ ਮੋਬਾਇਲ 'ਚ ਸਮੱਸਿਆ ਆਉਣ ਲੱਗੀ। ਸ਼ਿਕਾਇਤਕਰਤਾ ਅਨੁਸਾਰ ਸਾਈਬਰ ਠੱਗਾਂ ਨੇ ਉਸ ਦਾ ਫੋਨ-ਪੇਅ ਖਾਤਾ ਹੈਕ ਕਰ ਲਿਆ, ਜਿਸ ਦੀ ਵਰਤੋਂ ਕਰਦਿਆਂ ਉਨ੍ਹਾਂ ਨੇ 10-10 ਹਜ਼ਾਰ ਰੁਪਏ ਦੀਆਂ 6 ਟ੍ਰਾਂਜੈਕਸ਼ਨਾਂ ’ਚ 60 ਹਜ਼ਾਰ ਰੁਪਏ ਕਢਵਾ ਲਏ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।