ਨਾਭਾ ਅਦਾਲਤ ’ਚੋਂ ਫ਼ੈਸਲਾ ਹੱਕ ’ਚ ਕਰਵਾਉਣ ਲਈ ਠੱਗੀ ਮਾਰੀ
Sunday, Oct 18, 2020 - 12:58 PM (IST)
ਨਾਭਾ (ਜੈਨ) : ਇਥੇ ਨਵੀਂ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਵਿਅਕਤੀ ਨੇ ਨਾਭਾ ਅਦਾਲਤ 'ਚੋਂ ਫ਼ੈਸਲਾ ਹੱਕ 'ਚ ਕਰਵਾਉਣ ਲਈ ਠੱਗੀ ਮਾਰੀ। ਕੋਤਵਾਲੀ ਪੁਲਸ ਨੇ ਅਮਨਦੀਪ ਸਿੰਘ ਪੁੱਤਰ ਭਗਤ ਸਿੰਘ ਵਾਸੀ ਬੈਂਕ ਸਟਰੀਟ ਦੇ ਬਿਆਨਾਂ ਅਨੁਸਾਰ ਜਪਨੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਦਸ਼ਮੇਸ਼ ਕਾਲੋਨੀ ਵਾਰਡ ਨੰ. 14 ਬੌੜਾਂ ਗੇਟ ਨਾਭਾ ਖ਼ਿਲਾਫ਼ ਧਾਰਾ 406, 420 ਆਈ. ਪੀ. ਸੀ. ਸੈਕਸ਼ਨ 8 ਪੀ. ਸੀ. ਐਕਟ 1988 ਅਧੀਨ ਮਾਮਲਾ ਦਰਜ ਕਰ ਲਿਆ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਹਰਜਿੰਦਰ ਸਿੰਘ ਨਾਲ ਨਾਭਾ ਅਦਾਲਤ 'ਚ ਪੈਸਿਆਂ ਦੇ ਲੈਣ-ਦੇਣ ਸੰਬੰਧੀ ਕੇਸ ਚੱਲਦਾ ਸੀ, ਜਿਸ ਦੌਰਾਨ ਜਪਨੀਤ ਸਿੰਘ ਨੇ ਕਿਹਾ ਕਿ ਮੈਂ ਹਰਮਨਜੀਤ ਸਿੰਘ ਦਿਓਲ ਜੱਜ ਸਾਹਿਬ ਦਾ ਡਰਾਈਵਰ ਲੱਗਿਆ ਹੋਇਆ ਹਾਂ।
ਤੁਸੀਂ ਮੈਨੂੰ ਇਕ ਲੱਖ ਰੁਪਏ ਦੇ ਦਿਓ, ਫ਼ੈਸਲਾ ਤੁਹਾਡੇ ਹੱਕ ਵਿਚ ਕਰਵਾ ਦਵਾਂਗਾ। ਮੁਦਈ ਨੇ 65 ਹਜ਼ਾਰ ਰੁਪਏ ਦੇ ਦਿੱਤੇ ਤੇ 35 ਹਜ਼ਾਰ ਰੁਪਏ ਫੈਸਲੇ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ ਪਰ ਅਦਾਲਤ ਦਾ ਫ਼ੈਸਲਾ ਖ਼ਿਲਾਫ਼ ਹੋ ਗਿਆ। ਜਦੋਂ 65 ਹਜ਼ਾਰ ਰੁਪਏ ਵਾਪਸ ਮੰਗੇ ਤਾਂ ਉਸ ਨੇ ਵਾਪਸ ਨਹੀਂ ਕੀਤੇ, ਜਿਸ ਕਰਕੇ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਗਿਆ।