ਕੰਬੋਡੀਆ ਵਰਕ ਪਰਮਿਟ ਦਾ ਝਾਂਸਾ ਦੇ ਕੇ ਭੇਜਿਆ ਹਾਂਗਕਾਂਗ
Saturday, Jul 21, 2018 - 08:06 AM (IST)

ਜਲੰਧਰ, (ਸੁਧੀਰ)— ਡਾਲਰਾਂ, ਪੌਂਡਾਂ ਦੇ ਸੁਪਨੇ ਵਿਖਾ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਦੇ ਕਈ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਜਲੰਧਰ ਦੇ ਇਕ ਟ੍ਰੈਵਲ ਏਜੰਟ ਵਲੋਂ ਸ਼ਹਿਰ ਦੇ ਇਕ ਨੌਜਵਾਨ ਨੂੰ ਕੰਬੋਡੀਆ ਵਿਚ ਵਰਕ ਪਰਮਿਟ ਦਾ ਝਾਂਸਾ ਦੇ ਕੇ ਉਸਨੂੰ ਪਹਿਲਾਂ ਬੈਂਕਾਕ ਅਤੇ ਬਾਅਦ ਵਿਚ ਹਾਂਗਕਾਂਗ ਭੇਜ ਕੇ ਉਸ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਹਾਂਗਕਾਂਗ ਪਹੁੰਚਣ ’ਤੇ ਨੌਜਵਾਨ ਨੂੰ ਕਰੀਬ 8 ਮਹੀਨੇ ਰਿਫਿਊਜ਼ੀ ਕੈਂਪ ਵਿਚ ਗੁਜ਼ਾਰਨੇ ਪਏ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਫਰਜ਼ੀ ਏਜੰਟ ਦੇ ਹੱਥੇ ਚੜ੍ਹ ਹਾਂਗਕਾਂਗ ਗਿਆ ਨੌਜਵਾਨ ਕਿਸੇ ਤਰ੍ਹਾਂ ਟਿਕਟ ਦੇ ਪੈਸੇ ਇਕੱਠੇ ਕਰ ਕੇ ਭਾਰਤ ਵਾਪਸ ਆਇਆ ਅਤੇ ਘਟਨਾ ਸਬੰਧੀ ਫਰਜ਼ੀ ਏਜੰਟ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਨੂੰ ਸ਼ਿਕਾਇਤ ਦਿੱਤੀ। ਪੁਲਸ ਜਾਂਚ ਤੋਂ ਬਾਅਦ ਥਾਣਾ ਨੰਬਰ 2 ਵਿਚ ਟ੍ਰੈਵਲ ਏਜੰਟ ਲਖਬੀਰ ਸਿੰਘ ਲੱਖੀ ਵਾਸੀ ਕਾਕੀ ਪਿੰਡ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਗਾਂਧੀ ਨਗਰ ਵਾਸੀ ਪ੍ਰਜਲੀਤ ਕੁਮਾਰ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਸਾਲ 2016 ਵਿਚ ਵਿਦੇਸ਼ ਜਾਣ ਲਈ ਕਿਸੇ ਨੇ ਟ੍ਰੈਵਲ ਏਜੰਟ ਲਖਬੀਰ ਸਿੰਘ ਲੱਖੀ ਨਾਲ ਮੁਲਾਕਾਤ ਕਰਵਾਈ, ਜਿਸ ਤੋਂ ਬਾਅਦ ਏਜੰਟ ਉਨ੍ਹਾਂ ਦੇ ਘਰ ਆਇਆ ਤੇ ਪੈਸਿਆਂ ਦੀ ਮੰਗ ਕੀਤੀ। ਉਸਨੇ ਆਪਣੀ ਮਾਂ ਤੇ ਭੈਣ ਦੇ ਬੈਂਕ ਖਾਤੇ ਵਿਚੋਂ ਪੈਸੇ ਕਢਵਾ ਕੇ ਉਸਨੂੰ ਕਰੀਬ 2 ਲੱਖ 15 ਹਜ਼ਾਰ ਰੁਪਏ ਅਤੇ ਆਪਣਾ ਪਾਸਪੋਰਟ ਦਿੱਤਾ। ਪ੍ਰਜਲੀਤ ਕੁਮਾਰ ਨੇ ਦੋਸ਼ ਲਾਇਆ ਕਿ ਜਿਸਤੋਂ ਬਾਅਦ ਏਜੰਟ ਉਸਨੂੰ ਆਪਣੇ ਨਾਲ ਬੈਂਕਾਕ ਲੈ ਗਿਆ, ਜਿਥੇ ਉਹ ਉਸਨੂੰ ਛੱਡ ਕੇ ਖੁਦ ਭਾਰਤ ਆ ਗਿਆ। ਕੁਝ ਦਿਨ ਬਾਅਦ ਉਸਦੀ ਹਾਂਗਕਾਂਗ ਦੀ ਟਿਕਟ ਬੁੱਕ ਕਰਵਾ ਕੇ ਉਥੇ ਭਿਜਵਾ ਦਿੱਤਾ। ਲਗਭਗ 8 ਮਹੀਨੇ ਰਿਫਿਊਜ਼ੀ ਕੈਂਪ ਵਿਚ ਰੁਕਣ ਤੋਂ ਬਾਅਦ ਜਦੋਂ ਉਹ ਭਾਰਤ ਪਹੁੰਚਿਆ ਤਾਂ ਉਸਨੂੰ ਕਈ ਵਾਰ ਫੋਨ ਕੀਤਾ, ਜਿਸ ਤੋਂ ਬਾਅਦ ਉਸਨੇ ਕੁਝ ਰਕਮ ਉਸਨੂੰ ਮੋੜ ਦਿੱਤੀ ਤੇ ਬਾਕੀ ਦੇ ਪੈਸੇ ਨਹੀਂ ਮੋੜੇ। ਪ੍ਰਜਲੀਤ ਨੇ ਦੋਸ਼ ਲਾਇਆ ਕਿ ਉਸ ਤੋਂ ਬਾਅਦ ਉਹ ਉਸਨੂੰ ਧਮਕੀਆਂ ਦੇਣ ਲੱਗਾ ਤੇ ਫੋਨ ਚੁੱਕਣਾ ਬੰਦ ਕਰ ਦਿੱਤਾ।
ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ 2 ਦੀ ਪੁਲਸ ਨੇ ਟ੍ਰੈਵਲ ਏਜੰਟ ਲਖਬੀਰ ਸਿੰਘ ਉਰਫ ਲੱਖੀ ਵਾਸੀ ਕਾਕੀ ਪਿੰਡ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਦੂਜੇ ਪਾਸੇ ਸੰਪਰਕ ਕਰਨ ’ਤੇ ਥਾਣਾ ਨੰਬਰ 2 ਦੇ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਐਂਟੀ ਫਰਾਡ ਵਿਭਾਗ ਕੋਲ ਹੈ।
ਬਿਨਾਂ ਲਾਇਸੈਂਸ ਦੇ ਚਲਾ ਰਿਹਾ ਸੀ ਟ੍ਰੈਵਲ ਕਾਰੋਬਾਰ, ਪੁਲਸ ਨੇ ਧੋਖਾਧੜੀ ਦੇ ਨਾਲ ਇਮੀਗ੍ਰੇਸ਼ਨ ਐਕਟ ਦੇ ਅਧੀਨ ਕੀਤਾ ਮਾਮਲਾ ਦਰਜ
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਟ੍ਰੈਵਲ ਏਜੰਟ ਲਖਬੀਰ ਸਿੰਘ ਲੱਖੀ ਕੋਲ ਵਰਕ ਪਰਮਿਟ ’ਤੇ ਭੇਜਣ ਦਾ ਲਾਇਸੈਂਸ ਨਹੀਂ ਸੀ ਤੇ ਨਾ ਹੀ ਉਸ ਕੋਲ ਕੋਈ ਰਜਿਸਟ੍ਰੇਸ਼ਨ ਸੀ, ਜਿਸ ਕਾਰਨ ਪੁਲਸ ਨੇ ਟ੍ਰੈਵਲ ਏਜੰਟ ਦੇ ਖਿਲਾਫ ਧੋਖਾਧੜੀ ਦੇ ਨਾਲ 24 ਇਮੀਗ੍ਰੇਸ਼ਨ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।