ਦਿ ਪ੍ਰਾਈਜ਼ ਚਿੱਟ ਫੰਡ ਕੰਪਨੀ ਦਾ ਕਥਿਤ ਨਟਵਰ ਲਾਲ ਇਕ ਸਾਲ ਤੋਂ ਪੁਲਸ ਦੀ ਪਹੁੰਚ ਤੋਂ ਦੂਰ

Wednesday, Apr 04, 2018 - 04:01 AM (IST)

ਬਠਿੰਡਾ(ਵਰਮਾ)-ਲਗਭਗ ਇਕ ਸਾਲ ਪਹਿਲਾਂ ਦਿ ਪ੍ਰਾਈਜ਼ ਚਿੱਟ ਫੰਡ ਕੰਪਨੀ ਬਣਾ ਕੇ ਲੋਕਾਂ ਨੂੰ ਜ਼ਿਆਦਾ ਪੈਸੇ ਦਾ ਝਾਂਸਾ ਦੇ ਕੇ ਕੁਝ ਲੋਕਾਂ ਨਾਲ ਧੋਖਾਦੇਹੀ ਕਰ ਕੇ ਫਰਾਰ ਹੋਇਆ ਕਥਿਤ ਨਟਵਰਲਾਲ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ ਹੈ। ਥਾਣਾ ਕੈਨਾਲ ਪੁਲਸ ਨੇ ਮੁੱਖ ਮੁਲਜ਼ਮ ਗੁਰਪ੍ਰੇਮ ਸਿੰਘ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਸੀ।  ਇਸ ਸਬੰਧੀ ਕੁਝ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ। ਮਾਮਲਾ ਤਾਂ ਪੁਲਸ ਨੇ ਦਰਜ ਕਰ ਲਿਆ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਜਦਕਿ ਉਹ ਆਮ ਹੀ ਘੁੰਮਦਾ ਨਜ਼ਰ ਆਉਂਦਾ ਹੈ ਇਥੋਂ ਤੱਕ ਕਿ ਮੋਬਾਇਲ ਤੇ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦਾ ਹੈ। ਬਾਵਜੂਦ ਇਸ ਦੇ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਵਿਚ ਨਾਕਾਮ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਸ ਨੇ ਅਜੇ ਤੱਕ ਮਾਮਲੇ ਵਿਚ ਕੋਰਟ 'ਚ ਚਲਾਨ ਵੀ ਪੇਸ਼ ਨਹੀਂ ਕੀਤਾ ਹੈ।  ਕਥਿਤ ਠੱਗ ਦੀ ਜ਼ਮਾਨਤ ਰੱਦ ਵੀ ਹੋ ਚੁੱਕੀ ਹੈ ਫਿਰ ਵੀ ਉਹ ਪੁਲਸ ਦੇ ਹੱਥ ਨਹੀਂ ਲੱਗਾ। ਠੱਗੀ ਦੇ ਸ਼ਿਕਾਰ ਲੋਕਾਂ ਨੇ ਐੱਸ. ਐੱਸ. ਪੀ. ਨਵੀਨ ਸਿੰਗਲਾ ਤੋਂ ਮੰਗ ਕੀਤੀ ਕਿ ਮਾਮਲੇ ਵਿਚ ਸ਼ਾਮਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।  ਜ਼ਿਕਰਯੋਗ ਹੈ ਕਿ ਉਕਤ ਮਾਮਲੇ ਨੂੰ ਪੁਲਸ ਨੇ ਆਰਥਿਕ ਅਪਰਾਧ ਸ਼ਾਖਾ (ਈ. ਡਬਲਿਊ. ਓ. ਵਿੰਗ) ਦੇ ਇੰਸਪੈਕਟਰ ਗੁਰਦੇਵ ਸਿੰਘ ਭੱਲਾ ਨੂੰ ਦਿੱਤਾ ਸੀ ਜਿਨ੍ਹਾਂ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਵਾਇਆ ਸੀ।  ਇਸ ਮਾਮਲੇ ਸਬੰਧੀ ਐੱਸ. ਪੀ. (ਟ੍ਰੈਫਿਕ) ਗੁਰਮੀਤ ਸਿੰਘ ਨੇ ਵੀ ਜਾਂਚ ਕੀਤੀ, ਜਿਸ ਵਿਚ ਗੁਰਪ੍ਰੇਮ ਸਿੰਘ, ਅਮਰਜੀਤ ਕੌਰ, ਚਰਨਜੀਤ ਸਿੰਘ ਨੂੰ ਮੁਲਜ਼ਮ ਠਹਿਰਾਇਆ ਗਿਆ। ਪੁਲਸ ਨੇ ਇਸ ਦੀ ਕਾਨੂੰਨੀ ਰਾਏ ਲੈਣ ਲਈ ਏ. ਡੀ. ਏ. ਲੀਗਲ ਸੰਜੀਵ ਕੋਛੜ ਨਾਲ ਵੀ ਸੰਪਰਕ ਕੀਤਾ ਸੀ, ਉਨ੍ਹਾਂ ਨੇ ਵੀ ਐੱਸ. ਐੱਸ. ਪੀ. ਨੂੰ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਥਾਣਾ ਕੈਨਾਲ ਕਾਲੋਨੀ ਵਿਚ ਧੋਖਾਦੇਹੀ ਤਹਿਤ ਦਿ ਪ੍ਰਾਈਜ਼ ਚਿੱਟ ਐਂਡ ਮਨੀ ਸਰਕੂਲੇਸ਼ਨ ਸਕੀਮ (ਬੈਨਿੰਗ) ਐਕਟ 1978 ਦੀਆਂ ਧਾਰਾਵਾਂ ਦੇ ਕੇਸ ਦਰਜ ਕੀਤੇ ਸੀ।


Related News