ਦੁਕਾਨਾਂ ਦਾ ਸੌਦਾ ਕਰ ਕੇ 26 ਲੱਖ ਰੁਪਏ ਠੱਗੇ
Thursday, Feb 08, 2018 - 07:18 AM (IST)

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਦੁਕਾਨਾਂ ਦੇ ਸੌਦੇ ਦੇ ਹੋਏ ਜ਼ੁਬਾਨੀ ਇਕਰਾਰਨਾਮੇ 'ਚ 26 ਲੱਖ ਰੁਪਏ ਠੱਗਣ ਦੇ ਦੋਸ਼ 'ਚ ਪੁਲਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਖਿਲਾਫ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਭਾਸ਼ ਚੰਦ ਨੇ ਦੱਸਿਆ ਕਿ ਰੁਬੀਨਾ ਸ਼ਬਨਮ ਪੁੱਤਰੀ ਮੁਹੰਮਦ ਬਸੀਰ ਹਾਲ ਆਬਾਦ ਪਤਨੀ ਮੁਹੰਮਦ ਸਲੀਮ ਵਾਸੀ 786 ਚੌਕ ਨੇੜੇ ਹੈਦਰ ਸ਼ੇਖ ਦਰਗਾਹ ਮਾਲੇਰਕੋਟਲਾ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਖੁਰਸ਼ੀਦ ਅਹਿਮਦ ਪੁੱਤਰ ਅਬਦੁਲ ਲਤੀਫ, ਮੁਹੰਮਦ ਸ਼ਕੀਲ ਪੁੱਤਰ ਅਬਦੁਲ ਲਤੀਫ ਵਾਸੀ ਗ੍ਰੀਨ ਐਵੀਨਿਊ ਮਾਲੇਰਕੋਟਲਾ ਅਤੇ ਸ਼ਕੀਲਾ ਪ੍ਰਵੀਨ ਪਤਨੀ ਮੁਹੰਮਦ ਰਿਆਜ਼ ਵਾਸੀ ਗਲੀ ਨੰ. 4 ਪ੍ਰਤਾਪ ਨਗਰ ਪਟਿਆਲਾ, ਜੋ ਉਸ ਦੇ ਚਾਚੇ ਦੇ ਲੜਕੇ ਅਤੇ ਲੜਕੀ ਹੈ, 11 ਦਸੰਬਰ 2016 ਨੂੰ ਉਸਦੇ ਘਰ ਆ ਕੇ ਦੋ ਦੁਕਾਨਾਂ ਸਰਹੰਦੀ ਗੇਟ ਰੋਡ, ਨੇੜੇ ਕੱਚਾ ਕੋਟ ਮਾਲੇਰਕੋਟਲਾ ਦਾ ਜ਼ੁਬਾਨੀ ਇਕਰਾਰਨਾਮਾ ਬੈਅ ਬਦਲੇ 26 ਲੱਖ ਰੁਪਏ 'ਚ ਕਰ ਗਏ। ਉਸਨੇ 10 ਹਜ਼ਾਰ ਰੁਪਏ ਨਕਦ ਅਤੇ ਇਕ ਲੱਖ 90 ਹਜ਼ਾਰ ਰੁਪਏ ਦਾ ਚੈੱਕ ਮੁਲਜ਼ਮਾਂ ਨੂੰ ਦਿੰਦੇ ਹੋਏ ਦੁਕਾਨਾਂ ਦੀ ਰਜਿਸਟਰੀ ਕਰਵਾਉਣ ਦਾ ਸਮਾਂ ਜੂਨ 2017 ਵਿਚ ਤੈਅ ਕੀਤਾ। ਮੁਲਜ਼ਮਾਂ ਨੇ 6 ਮਈ 2017 ਤੱਕ ਉਸ ਤੋਂ ਕੁਝ ਨਕਦ ਅਤੇ ਚੈੱਕਾਂ ਰਾਹੀਂ 26 ਲੱਖ ਰੁਪਏ ਵਸੂਲ ਕਰ ਲਏ। ਜਦੋਂ ਉਸਨੇ ਜੂਨ 2017 'ਚ ਮੁਲਜ਼ਮਾਂ ਨੂੰ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗ ਪਏ।
ਉਸ ਨੂੰ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਕਤ ਦੁਕਾਨਾਂ ਦੀ ਅਸਲ ਮਾਲਕ ਤਾਂ ਉਸਦੀ ਚਾਚੀ ਬਸ਼ੀਰਾ ਪਤਨੀ ਅਬਦੁਲ ਲਤੀਫ ਹੈ। ਉਸ ਵੱਲੋਂ ਵਾਰ-ਵਾਰ ਕਹਿਣ 'ਤੇ ਵੀ ਮੁਲਜ਼ਮਾਂ ਨੇ ਉਸਦੇ ਨਾਂ ਰਜਿਸਟਰੀ ਨਹੀਂ ਕਰਵਾਈ। ਪੁਲਸ ਨੇ ਮੁੱਦਈ ਦੀ ਦਰਖਾਸਤ 'ਤੇ ਪੜਤਾਲ ਕਰਨ ਉਪਰੰਤ ਮੁਲਜ਼ਮਾਂ ਵਿਰੁੱਧ ਧੋਖਾਦੇਹੀ ਅਤੇ ਹੋਰ ਕਈ ਧਾਰਾਵਾਂ ਹੇਠ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।