ਜ਼ਮੀਨ ਵੇਚਣ ਦੇ ਨਾਂ ''ਤੇ ਕੀਤੀ 50 ਲੱਖ ਦੀ ਠੱਗੀ, ਚਾਰ ਨਾਮਜ਼ਦ
Saturday, Feb 03, 2018 - 06:03 AM (IST)
ਸਾਹਨੇਵਾਲ(ਜਗਰੂਪ)-ਜ਼ਮੀਨ ਵੇਚਣ ਦੇ ਨਾਂ 'ਤੇ ਧੋਖਾਦੇਹੀ ਕਰਨ ਵਾਲੇ ਚਾਰ ਵਿਅਕਤੀਆਂ ਦੇ ਖਿਲਾਫ ਚੌਕੀ ਰਾਮਗੜ੍ਹ ਦੀ ਪੁਲਸ ਨੇ ਪੀੜਤ ਵਲੋਂ ਦਿੱਤੀ ਗਈ ਨੰਬਰੀ ਦਰਖਾਸਤ ਦੀ ਜਾਂਚ ਦੇ ਬਾਅਦ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਦਸੰਬਰ 2017 'ਚ ਤਰੁਣ ਕੁਮਾਰ ਸਿੰਗਲਾ ਪੁੱਤਰ ਵਿਜੇ ਕੁਮਾਰ ਵਾਸੀ ਮੂੰਡੀਆ ਕਲਾਂ, ਲੁਧਿਆਣਾ ਨੇ ਪੁਲਸ ਨੂੰ ਦਿੱਤੀ ਲਿਖਤੀ ਦਰਖਾਸਤ 'ਚ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਨੇ ਇਕ ਜ਼ਮੀਨ ਕਰਮਜੀਤ ਸਿੰਘ ਪੁੱਤਰ ਗਿਆਨ ਪਾਸੋਂ ਖਰੀਦ ਕੀਤੀ ਸੀ, ਜਿਸ ਬਾਬਤ ਉਸ ਦਾ ਸੌਦਾ ਉੱਤਮ ਸਿੰਘ ਪੁੱਤਰ ਆਲਾ ਸਿੰਘ ਵਾਸੀ ਆਲਮਪੁਰ, ਪਟਿਆਲਾ ਅਤੇ ਜਗਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਰਪਾਲਪੁਰ, ਪਟਿਆਲਾ ਨੇ ਕਰਵਾਇਆ ਸੀ, ਜਿਸ ਦੇ ਬਦਲੇ ਉਕਤ ਵਿਅਕਤੀਆਂ ਨੂੰ ਉਸ ਨੇ ਕਰੀਬ 50 ਲੱਖ ਰੁਪਏ ਦੀ ਕਥਿਤ ਬਿਆਨਾ ਰਕਮ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਉਸ ਪਾਸੋਂ ਬਿਆਨਾ ਰਕਮ ਲੈਣ ਦੇ ਬਾਵਜੂਦ ਵੀ ਉਸ ਨੂੰ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੀ ਜਗ੍ਹਾ 'ਤੇ ਕਰਮਜੀਤ ਸਿੰਘ ਨੇ ਆਪਣੇ ਲੜਕੇ ਮਨਵਿੰਦਰ ਸਿੰਘ ਨੂੰ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ, ਜਿਸ ਤਰ੍ਹਾਂ ਉਕਤ ਸਾਰੇ ਵਿਅਕਤੀਆਂ ਨੇ ਕਥਿਤ ਮਿਲੀਭੁਗਤ ਕਰਦੇ ਹੋਏ ਉਸ ਨਾਲ ਸਾਜ਼ਿਸ਼ ਤਹਿਤ ਧੋਖਾਦੇਹੀ ਕੀਤੀ ਹੈ। ਥਾਣੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਚਾਰੋਂ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ, ਇਕ ਵਿਅਕਤੀ ਮਨਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਬਾਕੀਆਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
