ਵੈਟ ਰਿਫੰਡ ਘਪਲਾ : ਰਮਨ ਗਰਗ ਦੇ ਹਿੱਸੇ ਆਇਆ 36 ਲੱਖ
Thursday, Oct 26, 2017 - 04:53 AM (IST)
ਜਲੰਧਰ(ਪ੍ਰੀਤ)-ਬੋਗਸ ਐਕਸਪੋਰਟ ਦਿਖਾ ਕੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਕੋਲੋਂ ਕਰੀਬ 1 ਕਰੋੜ 56 ਲੱਖ ਦਾ ਵੈਟ ਰਿਫੰਡ ਲੈਣ ਵਾਲੇ ਜਲਧਾਰਾ ਐਕਸਪੋਰਟ ਦੇ ਮਾਲਕ ਰਮਨ ਗਰਗ ਈ. ਡੀ. ਨੂੰ 1. 20 ਕਰੋੜ ਦਾ ਹਿਸਾਬ ਨਹੀਂ ਦੇ ਪਾ ਰਹੇ। ਪਤਾ ਲੱਗਾ ਹੈ ਕਿ ਰਮਨ ਗਰਗ ਦੀ ਜੇਬ ਵਿਚ ਵੈਟ ਰਿਫੰਡ ਦੀ ਰਕਮ ਵਿਚੋਂ ਸਿਰਫ 36 ਲੱਖ ਰੁਪਏ ਹੀ ਆਏ। ਬਾਕੀ 1. 20 ਕਰੋੜ ਕਿਥੇ ਗਏ? ਇਸ ਸੰਬੰਧੀ ਈ. ਡੀ. ਅਧਿਕਾਰੀ ਲਗਾਤਾਰ ਜਾਂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2012-13 ਵਿਚ ਜਲਧਾਰਾ ਐਕਸਪੋਰਟ ਦੇ ਮਾਲਕ ਰਮਨ ਗਰਗ ਨੇ 33.36 ਕਰੋੜ ਦੇ ਰੈਡੀਮੇਡ ਗਾਰਮੈਂਟਸ ਦੀ ਬੋਗਸ ਐਕਸਪੋਰਟ ਦਿਖਾਈ ਤੇ ਫਿਰ ਵੈਟ ਰਿਫੰਡ ਲਈ ਅਪਲਾਈ ਕੀਤਾ। 26 ਮਾਰਚ 2013 ਵਿਚ ਜਲਧਾਰਾ ਐਕਸਪੋਰਟ ਦੇ ਅਕਾਊਂਟ ਵਿਚ ਵੈਟ ਰਿਫੰਡ ਦੇ 1,56,76,190 ਰੁਪਏ ਟਰਾਂਸਫਰ ਹੋ ਗਏ। ਉਸੇ ਦਿਨ ਰਮਨ ਗਰਗ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਵਾਂ 'ਤੇ ਚੱਲ ਰਹੀਆਂ ਫਰਮਾਂ ਚੇਤਨ ਐਕਸਪੋਰਟ, ਆਂਚਲ ਐਕਸਪੋਰਟ, ਵੈਨ ਇੰਪੈਕਸ, ਕੋਹਿਨੂਰ ਟ੍ਰੇਡਰਸ, ਐੱਮ. ਏ. ਐੱਸ. ਐਕਸਪੋਰਟ ਸਣੇ ਹੋਰ ਫਰਮਾਂ ਵਿਚ ਰੁਪਏ ਟਰਾਂਸਫਰ ਕਰ ਦਿੱਤੇ। ਬੀਤੇ ਦਿਨ ਈ. ਡੀ. ਦੇ ਜੁਆਇੰਟ ਡਾਇਰੈਕਟਰ ਗਰੀਸ਼ ਬਾਲੀ ਤੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਈ. ਡੀ. ਦੀ ਵਿਸ਼ੇਸ਼ ਟੀਮ ਨੇ ਰਮਨ ਗਰਗ ਨੂੰ ਕਾਬੂ ਕਰ ਲਿਆ। ਰਮਨ ਗਰਗ ਈ. ਡੀ. ਦੇ ਕੋਲ ਤਿੰਨ ਦਿਨ ਦੇ ਰਿਮਾਂਡ 'ਤੇ ਹੈ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਦਸਤਾਵੇਜ਼ਾਂ ਵਿਚ ਸਪੱਸ਼ਟ ਹੈ ਕਿ ਵੈਟ ਰਿਫੰਡ ਦੀ ਰਕਮ ਰਮਨ ਗਰਗ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਵਾਂ 'ਤੇ ਚੱਲ ਰਹੀਆਂ ਫਰਮਾਂ ਦੇ ਅਕਾਊਂਟ ਵਿਚ ਟਰਾਂਸਫਰ ਕੀਤੀ। ਰੁਪਏ ਆਰ. ਟੀ. ਜੀ. ਐੱਸ. ਦੇ ਜ਼ਰੀਏ ਟਰਾਂਸਫਰ ਹੋਣ ਤੋਂ ਬਾਅਦ ਕੈਸ਼ ਵਿਦਡਰਾਲ ਕਰ ਲਏ ਗਏ। ਈ. ਡੀ. ਸੂਤਰਾਂ ਨੇ ਦੱਸਿਆ ਕਿ ਰਮਨ ਗਰਗ ਦੇ ਕੋਲ ਕਰੀਬ 1.56 ਕਰੋੜ ਵਿਚੋਂ ਸਿਰਫ 36 ਲੱਖ ਹੀ ਆਏ। ਬਾਕੀ 1.20 ਕਰੋੜ ਦਾ ਹਿਸਾਬ ਫਿਲਹਾਲ ਰਮਨ ਗਰਗ ਨਹੀਂ ਦੇ ਪਾ ਰਿਹਾ। ਸ਼ੱਕ ਜਤਾਇਆ ਜਾ ਰਿਹਾ ਹੈ ਕਿ 1.20 ਕਰੋੜ ਰੁਪਏ ਇਸ ਬੋਗਸ ਐਕਸਪੋਰਟ ਦੇ ਹੋਰ ਹਿੱਸੇਦਾਰਾਂ ਵਿਚ ਵੰਡੇ ਗਏ ਹਨ। ਜੇਕਰ ਕਿਹਾ ਜਾਵੇ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਘਪਲੇ ਦਾ ਹਿੱਸਾ ਗਿਆ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਪਤਾ ਲੱਗਾ ਹੈ ਕਿ ਈ. ਡੀ. ਟੀਮ ਰਮਨ ਗਰਗ ਦੇ ਹੋਰ ਰਿਸ਼ਤੇਦਾਰਾਂ ਨਾਲ ਵੀ ਸਖ਼ਤੀ ਵਰਤਣ ਦੇ ਮੂਡ ਵਿਚ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਨ੍ਹਾਂ ਦੇ ਅਕਾਊਂਟ ਵਿਚ ਕੈਸ਼ ਕਢਵਾਏ ਗਏ ਕੁਲ 1.20 ਕਰੋੜ ਰੁਪਏ ਕਿਥੇ ਗਏ?
