ਐੱਮ. ਬੀ. ਬੀ. ਐੱਸ. ''ਚ ਸੀਟ ਦਿਵਾਉਣ ਦਾ ਝਾਂਸਾ ਦੇ ਕੇ ਸਾਢੇ 15 ਲੱਖ ਰੁਪਏ ਦੀ ਠੱਗੀ ਮਾਰੀ
Friday, Oct 06, 2017 - 02:20 AM (IST)

ਨਥਾਣਾ(ਬੱਜੋਆਣੀਆਂ)-ਥਾਣਾ ਨਥਾਣਾ ਅਧੀਨ ਚੌਕੀ ਭੁੱਚੋ ਮੰਡੀ ਦੀ ਪੁਲਸ ਨੇ 3 ਵਿਅਕਤੀਆਂ 'ਤੇ ਸਾਢੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪਰਚਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਾਈਦ ਸਜਾਦ ਅਸਗਰ ਪੁੱਤਰ ਅਲੀ ਅਸਗਰ ਵਾਸੀ ਮਜਾਮੀ ਕੰਪੋਡ ਕਾਲੋਨੀ ਅਲੀਗੜ੍ਹ (ਯੂ. ਪੀ.) ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੂੰ ਆਦੇਸ਼ ਹਸਪਤਾਲ ਵਿਚ ਐੱਮ. ਬੀ. ਬੀ. ਐੱਸ. ਡਾਕਟਰ ਦੀ ਸੀਟ ਦਿਵਾਉਣ ਦਾ ਭਰੋਸਾ ਦੇ ਕੇ ਉਸ ਪਾਸੋਂ ਪ੍ਰਸ਼ਾਤ, ਅਦਿੱਤਿਆ ਅਤੇ ਮਹੇਸ਼ ਨਾਮਕ 3 ਵਿਅਕਤੀਆਂ ਨੇ ਸਾਢੇ 15 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਮੁਲਜ਼ਮਾਂ ਦਾ ਥਾਂ ਟਿਕਾਣਾ, ਰਿਹਾਇਸ਼ ਆਦਿ ਵੀ ਪਤਾ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਆਪਣੇ ਆਪ ਨੂੰ ਉਕਤ ਹਸਪਤਾਲ ਦੇ ਮੁਲਾਜ਼ਮ ਦੱਸ ਕੇ ਮੁੱਦਈ ਨੂੰ ਇੰਨੇ ਭਰੋਸੇ ਵਿਚ ਲੈ ਲਿਆ। ਇਸ ਪਿੱਛੋਂ ਮੁਲਜ਼ਮਾਂ ਨੇ ਫਰਜ਼ੀ ਦਸਤਾਵੇਜ਼ ਵਿਖਾ ਕੇ ਉਸ ਤੋਂ ਸਾਢੇ 15 ਲੱਖ ਰੁਪਏ ਦੀ ਰਾਸ਼ੀ ਠੱਗ ਲਈ ਹੈ।