ਪਿੰਡ ਦੁੱਗਾਂ ਦੇ ਸਰਕਾਰੀ ਸਕੂਲ ਦੇ ਫੰਡਾਂ ''ਚ ਲੱਖਾਂ ਰੁਪਏ ਦਾ ਘੋਟਾਲਾ!

Thursday, Jun 29, 2017 - 12:54 AM (IST)

ਲੌਂਗੋਵਾਲ(ਵਿਜੇ)-ਨੇੜਲੇ ਪਿੰਡ ਦੁੱਗਾਂ ਵਿਚਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਾਂ ਅਤੇ ਦੇਖ-ਰੇਖ ਲਈ ਬਣਾਈ ਗਈ ਵੈੱਲਫੇਅਰ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਖਜ਼ਾਨਚੀ ਵੱਲੋਂ ਉਸ ਸਮੇਂ ਦੇ ਸਕੂਲ ਕਮੇਟੀ ਮੈਂਬਰਾਂ ਦੀ ਕਥਿਤ ਮਿਲੀਭੁਗਤ ਨਾਲ ਸਕੂਲ ਦੇ ਸਰਕਾਰੀ ਅਤੇ ਨਿੱਜੀ ਫੰਡਾਂ 'ਚ ਲੱਖਾਂ ਰੁਪਏ ਦਾ ਕਥਿਤ ਤੌਰ 'ਤੇ ਘਪਲਾ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਇਸ ਸਬੰਧੀ ਥਾਣਾ ਲੌਂਗੋਵਾਲ ਵਿਖੇ ਐੱਫ. ਆਈ. ਆਰ. ਦਰਜ ਕਰ ਲਏ ਜਾਣ ਦੀ ਵੀ ਜਾਣਕਾਰੀ ਮਿਲੀ ਹੈ, ਜਦੋਂ ਕਿ ਦੂਜੇ ਪਾਸੇ ਸਕੂਲ ਦੇ ਫੰਡਾਂ ਵਿਚ ਪੁਲਸ ਵੱਲੋਂ ਦਰਸਾਏ ਗਏ ਦੋਸ਼ੀਆਂ ਨੇ ਆਪਣੇ 'ਤੇ ਲਾਏ ਸਮੁੱਚੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਸਮੁੱਚੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।
ਕੀ ਹੈ ਮਾਮਲਾ : ਥਾਣਾ ਲੌਂਗੋਵਾਲ ਦੇ ਮੁੱਖ ਅਫਸਰ ਜਗਰਾਜ ਸਿੰਘ ਨੇ ਉਕਤ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੁੱਗਾਂ ਨਿਵਾਸੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਦੀ ਨਵੀਂ ਬਣੀ ਵੈੱਲਫੇਅਰ ਕਮੇਟੀ, ਪ੍ਰਬੰਧਕ ਅਤੇ ਪਿੰਡ ਵਾਸੀ ਦਰਸ਼ਨ ਸਿੰਘ, ਗੁਰਜੰਟ ਸਿੰਘ, ਹਰਵਿੰਦਰ ਸਿੰਘ ਪੰਚ, ਦਰਬਾਰਾ ਸਿੰਘ, ਹਰਭਜਨ ਸਿੰਘ, ਨਿਰਮਲ ਸਿੰਘ, ਹਰਪਾਲ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ ਅਤੇ ਤੇਜਿੰਦਰ ਸਿੰਘ ਆਦਿ ਨੇ ਜ਼ਿਲਾ ਪੁਲਸ ਮੁਖੀ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਸਾਲ 2010 'ਚ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿਚ ਬਲਵੰਤ ਸਿੰਘ ਨੂੰ ਪ੍ਰਧਾਨ, ਗੁਰਿੰਦਰ ਸਿੰਘ ਨੂੰ ਕੈਸ਼ੀਅਰ ਅਤੇ ਇਨ੍ਹਾਂ ਨਾਲ ਹੋਰ ਕਮੇਟੀ ਮੈਂਬਰ ਵੀ ਚੁਣੇ ਗਏ ਸਨ। ਉਸ ਮੌਕੇ ਜਿਥੇ ਸਕੂਲ ਕਮੇਟੀ ਦੇ ਬੈਂਕ ਖਾਤੇ ਵਿਚ 5,99,492 ਰੁਪਏ ਵੀ ਜਮ੍ਹਾ ਸਨ ਜੋ ਕਮੇਟੀ ਦੇ ਹਵਾਲੇ ਕਰ ਦਿੱਤੇ ਗਏ ਸਨ। ਇਸ ਦੇ ਨਾਲ-ਨਾਲ ਸਕੂਲ ਦੇ ਨਾਮ 'ਤੇ ਸਾਢੇ 9 ਏਕੜ ਜ਼ਮੀਨ ਵੀ ਸੀ, ਜਿਸ ਤੋਂ ਹਰ ਸਾਲ ਸਾਢੇ 4 ਲੱਖ ਰੁਪਏ ਠੇਕਾ ਵੀ ਆਉਂਦਾ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਇੰਨੀ ਕਮਾਈ ਅਤੇ ਪਹਿਲਾਂ ਤੋਂ ਸਕੂਲ ਦੇ ਨਾਮ 'ਤੇ ਪੈਸੇ ਜਮ੍ਹਾ ਹੋਣ ਦੇ ਬਾਵਜੂਦ ਸਕੂਲ ਦਾ ਕਿਸੇ ਵੀ ਕਿਸਮ ਦਾ ਕੋਈ ਵਿਕਾਸ ਨਹੀਂ ਹੋਇਆ, ਮਜਬੂਰ ਹੋ ਕੇ ਪਿੰਡ ਵਾਸੀਆਂ ਨੇ ਨਵੀਂ ਕਮੇਟੀ ਦੀ ਚੋਣ ਕਰ ਲਈ ਅਤੇ ਜਦੋਂ ਪਿਛਲੀ ਕਮੇਟੀ ਪਾਸੋਂ ਹਿਸਾਬ ਮੰਗਿਆ ਤਾਂ ਪਹਿਲਾਂ ਤਾਂ ਉਹ ਟਾਲ-ਮਟੋਲ ਕਰਦੀ ਰਹੀ ਬਾਅਦ ਵਿਚ ਉਨ੍ਹਾਂ ਸਾਨੂੰ ਇਹ ਕਹਿ ਦਿੱਤਾ ਕਿ ਸਾਡੇ ਕੋਲ ਸਕੂਲ ਦਾ ਕਿਸੇ ਵੀ ਕਿਸਮ ਦਾ ਕੋਈ ਵੀ ਬਕਾਇਆ ਨਹੀਂ ਹੈ, ਜਿਸ ਕਾਰਨ ਮਜਬੂਰਨ ਸਾਨੂੰ ਪੁਲਸ ਸ਼ਿਕਾਇਤ ਕਰਨੀ ਪਈ ਤਾਂ ਜੋ ਇਨਸਾਫ ਮਿਲ ਸਕੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਹੋ ਸਕੇ।
ਕੀ ਕਹਿੰਦੇ ਹਨ ਅਧਿਕਾਰੀ  : ਸਰਕਾਰੀ ਸਕੂਲ ਪਿੰਡ ਦੁੱਗਾਂ ਵਿਖੇ ਹੋਏ ਘਪਲੇ ਸਬੰਧੀ ਪੁਲਸ ਵਿਭਾਗ ਦਾ ਪੱਖ ਦੱਸਦਿਆਂ ਥਾਣਾ ਲੌਂਗੋਵਾਲ ਦੇ ਮੁਖੀ ਜਗਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਥਾਣਾ ਲੌਂਗੋਵਾਲ ਅਤੇ ਡੀ. ਐੱਸ. ਪੀ. ਸੁਨਾਮ ਨੇ ਜਾਂਚ ਕੀਤੀ ਹੈ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਸ਼ਿਕਾਇਤਕਰਤਾ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਦਰਖਾਸਤ ਵਿਚ ਦਰਸਾਏ ਗਏ ਵੇਰਵੇ ਕਾਫੀ ਹੱਦ ਤੱਕ ਸਹੀ ਹਨ। ਪੁਲਸ ਵਿਭਾਗ ਵੱਲੋਂ ਇਸ ਮਾਮਲੇ ਸਬੰਧੀ ਟੈਕੀਨੀਕਲ ਤੌਰ 'ਤੇ ਆਰਕੀਟੈੱਕਚਰ ਪਾਸੋਂ ਵੀ ਜਾਂਚ-ਪੜਤਾਲ ਕਰਵਾਈ ਗਈ ਹੈ। ਜਾਂਚ ਵਿਚ ਇਹ ਵੀ ਪਾਇਆ ਗਿਆ ਹੈ ਕਿ ਸਕੂਲ ਦੇ ਨਾਮ 'ਤੇ ਜੋ ਜ਼ਮੀਨ ਹੈ, ਉਸ ਜ਼ਮੀਨ ਦੀ ਸਾਲ 2010 ਤੋਂ ਲੈ ਕੇ ਹੁਣ ਤੱਕ ਦੀ ਇਨਕਮ 32 ਤੋਂ 34 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਦਰਖਾਸਤ ਦੇ ਤਹਿਤ ਪਿੰਡ ਦੁੱਗਾਂ ਦੇ ਸਰਕਾਰੀ ਸਕੂਲ ਦੀ ਪਹਿਲਾਂ ਵਾਲੀ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ ਪੁੱਤਰ ਸਰਬਨ ਸਿੰਘ ਅਤੇ ਖਜ਼ਾਨਚੀ ਗੁਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਦੁੱਗਾਂ ਖਿਲਾਫ ਥਾਣਾ ਲੌਂਗੋਵਾਲ ਵਿਖੇ ਐੱਫ. ਆਈ. ਆਰ. ਨੰਬਰ 58 ਧਾਰਾ 406 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਕਮੇਟੀ ਨੇ ਸਮੁੱਚੇ ਦੋਸ਼ ਮੁੱਢੋ ਨਕਾਰੇ, ਕਿਹਾ ਕਿ ਮਾਮਲਾ ਸਿਆਸੀ ਹੈ  : ਪਿੰਡ ਦੁੱਗਾਂ ਦੇ ਸਰਕਾਰੀ ਸਕੂਲ ਦੇ ਫੰਡਾਂ ਵਿਚ ਹੋਏ ਘਪਲੇ ਦੀ ਗੱਲ ਨੂੰ ਮੁੱਢ ਤੋਂ ਰੱਦ ਕਰਦਿਆਂ ਸਕੂਲ ਕਮੇਟੀ ਦੇ ਪੁਰਾਣੇ ਮੈਂਬਰਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਸਕੂਲ ਅੰਦਰਲੇ ਪ੍ਰਬੰਧ ਜਿਥੇ ਬਹੁਤ ਹੀ ਵਧੀਆ ਹਨ, ਉਥੇ ਸਾਡੇ ਸਮੇਂ ਕਰਵਾਏ ਗਏ ਉਸਾਰੀ ਦੇ ਕੰਮ ਮੂੰਹੋਂ ਬੋਲਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ ਕਰਦੇ ਹਨ ਤਾਂ ਜੋ ਸਹੀ ਤੇ ਗਲਤ ਦਾ ਚਾਨਣ ਹੋ ਸਕੇ।


Related News