ਹੈਰਾਨ ਕਰ ਦੇਵੇਗਾ ਠੱਗੀ ਦਾ ਇਹ ਨਵਾਂ ਤਰੀਕਾ, ਚਲਾਨ ਕੱਟਣ ਦੇ ਆ ਰਹੇ ਮੈਸੇਜ

Wednesday, May 27, 2020 - 06:31 PM (IST)

ਹੈਰਾਨ ਕਰ ਦੇਵੇਗਾ ਠੱਗੀ ਦਾ ਇਹ ਨਵਾਂ ਤਰੀਕਾ, ਚਲਾਨ ਕੱਟਣ ਦੇ ਆ ਰਹੇ ਮੈਸੇਜ

ਲੁਧਿਆਣਾ (ਸੰਨੀ) : ਲਾਕਡਾਊਨ ਦੌਰਾਨ ਸਾਈਬਰ ਠੱਗਾਂ ਨੇ ਲੁਧਿਆਣਾ ਵਾਸੀਆਂ ਨੂੰ ਲੁੱਟਣ ਦਾ ਨਵਾਂ ਢੰਗ ਲੱਭਿਆ ਹੈ। ਸਾਈਬਰ ਠੱਗਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਉਨ੍ਹਾਂ ਦੇ ਵਾਹਨ ਦਾ ਚਲਾਨ ਹੋਣ ਦਾ ਐੱਸ. ਐੱਮ. ਐੱਸ. ਭੇਜਿਆ ਜਾ ਰਿਹਾ ਹੈ। ਇਸ ਮੈਸੇਜ ਵਿਚ ਦਿੱਤੇ ਲਿੰਕ ਜਾਂ ਵੈੱਬਸਾਈਟ 'ਤੇ ਕਲਿੱਕ ਕਰਨ ਨਾਲ ਲੋਕਾਂ ਦੇ ਬੈਂਕ ਖਾਤੇ ਜਾਂ ਕਾਰਡ ਰਾਹੀਂ ਰਾਸ਼ੀ ਨੂੰ ਠੱਗ ਮਿੰਟਾਂ ਵਿਚ ਉਡਾ ਸਕਦੇ ਹਨ। ਹਜ਼ਾਰਾਂ ਦੀ ਗਿਣਤੀ 'ਚ ਸ਼ਹਿਰ ਦੇ ਲੋਕਾਂ ਨੂੰ ਅਜਿਹੇ ਐੱਸ. ਐੱਮ. ਐੱਸ. ਮਿਲੇ ਹਨ, ਜਿਸ ਨਾਲ ਲੋਕ ਖੁਦ ਹੈਰਾਨ ਹੈ ਅਤੇ Îਇਧਰ-ਉਧਰ ਫੋਨ ਘੁਮਾ ਕੇ ਚਲਾਨ ਬਾਰੇ ਪੁੱਛ ਰਹੇ ਹਨ। ਅਜਿਹੇ ਠੱਗਾਂ ਤੋਂ ਬਚਣ ਲਈ ਲੁਧਿਆਣਾ ਪੁਲਸ ਨੇ ਸੋਸ਼ਲ ਮੀਡੀਆ ਰਾਹੀਂ ਸ਼ਹਿਰ ਦੇ ਲੋਕਾਂ ਨੂੰ ਅਲਰਟ ਕੀਤਾ ਹੈ। ਸਾਈਬਰ ਠੱਗੀ ਦੇ ਇਸ ਨਵੇਂ ਪੈਂਤੜੇ ਵਿਚ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਮੈਸੇਜ ਆਏ ਹਨ, ਉਨ੍ਹਾਂ ਕੋਲ ਮੈਸੇਜ ਵਿਚ ਦਰਜ ਵਾਹਨ ਨੰਬਰ ਦੇ ਵਾਹਨ ਵੀ ਮੌਜੂਦ ਹਨ, ਜਿਸ ਕਾਰਨ ਲੋਕ ਆਸਾਨੀ ਨਾਲ ਅਜਿਹੇ ਮੈਸੇਜ 'ਤੇ ਭਰੋਸਾ ਕਰ ਲੈਂਦੇ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਅਜੇ ਪੰਜਾਬ 'ਚ ਆਨਲਾਈਨ ਤਰੀਕੇ ਨਾਲ ਚਲਾਨ ਦੀ ਜ਼ੁਰਮਾਨਾ ਰਾਸ਼ੀ ਵਸੂਲ ਕਰਨ ਦੀ ਯੋਜਨਾ ਕੋਵਿਡ-19 ਸੰਕਟ ਕਾਰਨ ਲਟਕੀ ਹੋਈ ਹੈ। ਜਦੋਂਕਿ ਕੁਝ ਕੁ ਵਿਅਕਤੀਆਂ ਨੇ ਤਾਂ ਇਹ ਮੈਸੇਜ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਲਾਨ ਦੀ ਰਾਸ਼ੀ ਦਾ ਭੁਗਤਾਨ ਕਰਨ ਦੀ ਗੱਲ ਨੂੰ ਵੀ ਕਬੂਲ ਕੀਤੀ ਹੈ।

ਇਹ ਵੀ ਪੜ੍ਹੋ : ਲੂ ਦਾ ਕਹਿਰ ਜਾਨ ਲੈਣ 'ਤੇ ਆਇਆ, ਮੌਸਮ ਵਿਭਾਗ ਨੇ ਚਿਤਾਵਨੀ ਦੇ ਨਾਲ ਜਾਰੀ ਕੀਤੀ ਵਿਸ਼ੇਸ਼ ਹਿਦਾਇਤ 

ਕਿੱਥੋਂ ਚੋਰੀ ਹੋਇਆ ਡਾਟਾਬੇਸ, ਜਾਂਚ ਦਾ ਵਿਸ਼ਾ?
ਇਕ ਆਈ. ਟੀ. ਮਾਹਿਰ ਮੁਤਾਬਕ ਅਜਿਹੇ ਠੱਗ ਆਪਣੇ ਟਾਰਗੈੱਟ ਦੀ ਲੋਕੇਸ਼ਨ ਬਦਲਦੇ ਰਹਿੰਦੇ ਹਨ। ਹੁਣ ਸ਼ਾਇਦ ਠੱਗਾਂ ਨੇ ਨਵੇਂ ਪੈਂਤੜੇ ਰਾਹੀਂ ਲੁਧਿਆਣਾ ਨੂੰ ਟਾਰਗੈੱਟ ਵਜੋਂ ਲਿਆ ਹੈ। ਠੱਗਾਂ ਵੱਲੋਂ ਜਿਨ੍ਹਾਂ ਲੋਕਾਂ ਨੂੰ ਮੈਸੇਜ ਭੇਜੇ ਜਾ ਰਹੇ ਹਨ, ਉਨ੍ਹਾਂ ਕੋਲ ਉਨ੍ਹਾਂ ਨੰਬਰਾਂ ਦੇ ਵਾਹਨ ਵੀ ਮੌਜੂਦ ਹਨ। ਅਜਿਹੇ ਵਿਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਠੱਗਾਂ ਨੇ ਟ੍ਰਾਂਸਪੋਰਟ ਵਿਭਾਗ ਦਾ ਡਾਟਾਬੇਸ ਕਿਤੋਂ ਚੋਰੀ ਕੀਤਾ ਹੋਵੇ, ਜੋ ਲੁਧਿਆਣਾ ਪੁਲਸ ਲਈ ਵੀ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਹਵਸ ''ਚ ਅੰਨ੍ਹੇ ਨੇ 5 ਸਾਲਾ ਮਾਸੂਮ ਨਾਲ ਕੀਤੀ ਦਰਿੰਦਗੀ    

ਇਸ ਤਰ੍ਹਾਂ ਖੁੱਲ੍ਹੀ ਕੇਸ ਦੀ ਗੁੱਥੀ
ਠੱਗਾਂ ਨੇ ਇਕ ਅਜਿਹੇ ਵਿਅਕਤੀ ਨੂੰ ਮੈਸੇਜ ਭੇਜ ਦਿੱਤਾ ਜਿਸ ਦਾ ਦੋਸਤ ਆਈ. ਟੀ. ਮਾਹਿਰ ਹੈ ਅਤੇ ਕਈ ਸਰਕਾਰੀ ਵਿਭਾਗਾਂ ਦੀ ਵੈੱਬਸਾਈਟ ਬਣਾਉਣ ਤੋਂ ਲੈ ਕੇ ਉਸ ਨੂੰ ਮੇਨਟੇਨ ਕਰਨ ਦਾ ਕੰਮ ਕਰਦਾ ਹੈ। ਮਾਹਿਰ ਵੱਲੋਂ ਉਕਤ ਮੈਸੇਜ ਵਿਚ ਦਿੱਤੇ ਗਏ ਵੈੱਬਸਾਈਟ ਦੇ ਲਿੰਕ ਨੂੰ ਓਪਨ ਕਰਨ 'ਤੇ ਪਤਾ ਲੱਗਾ ਕਿ ਇਹ ਫਰਜ਼ੀ ਵੈੱਬਸਾਈਟ ਹੈ ਅਤੇ ਕੇਂਦਰ ਸਰਕਾਰ ਦੀ ਟ੍ਰਾਂਸਪੋਰਟ ਵੈੱਬਸਾਈਟ ਦੀ ਹੂ-ਬ-ਹੂ ਨਕਲ ਬਣਾਈ ਗਈ ਹੈ, ਜਿਸ ਤੋਂ ਬਾਅਦ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਗਈ ਅਤੇ ਲੁਧਿਆਣਾ ਪੁਲਸ ਵੱਲੋਂ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦੋ ਸਾਲ ਤਕ ਭਤੀਜੀ ਦੀ ਪੱਤ ਰੋਲਦਾ ਰਿਹਾ ਫੁੱਫੜ, ਕੁੜੀ ਨੇ ਇੰਝ ਸਾਹਮਣੇ ਲਿਆਂਦੀ ਕਰਤੂਤ

ਅਜਿਹੇ ਠੱਗਾਂ ਤੋਂ ਬਚਣ ਲੋਕ : ਏ. ਸੀ. ਪੀ. ਗੁਰਦੇਵ
ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕੇਸ ਦੀ ਜਾਣਕਾਰੀ ਮਿਲਦੇ ਹੀ ਲੁਧਿਆਣਾ ਪੁਲਸ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ਹਿਰੀਆਂ ਨੂੰ ਅਲਰਟ ਕੀਤਾ ਗਿਆ ਹੈ। ਟ੍ਰੈਫਿਕ ਪੁਲਸ ਵੱਲੋਂ ਕੋਈ ਵੀ ਚਲਾਨ ਕਰਨ 'ਤੇ ਉਸ ਨੂੰ ਨਜਿੱਠਣ ਦੇ ਅਧਿਕਾਰ ਆਰ. ਟੀ. ਏ. ਆਫਿਸ ਜਾਂ ਅਦਾਲਤਾਂ ਕੋਲ ਹਨ। ਅਜਿਹੇ ਵਿਚ ਠੱਗਾਂ ਵੱਲੋਂ ਆਰ. ਟੀ. ਏ. ਆਫਿਸ ਦੇ ਨਾਂ ਨਾਲ ਫਰਜ਼ੀ ਮੈਸੇਜ ਭੇਜੇ ਜਾ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਸ਼ੱਕ ਦੀ ਸਥਿਤੀ ਵਿਚ ਨਜ਼ਦੀਕੀ ਪੁਲਸ ਥਾਣੇ ਜਾਂ ਪੁਲਸ ਕੰਟਰੋਲ ਰੂਮ 'ਤੇ ਸੰਪਰਕ ਕਰਨ।

ਇਹ ਵੀ ਪੜ੍ਹੋ : ਸਨਪ੍ਰੀਤ ਦੇ ਕਾਤਲਾਂ ਨੇ ਇਕ ਹੋਰ ਕਤਲ ਦਾ ਕੀਤਾ ਖੁਲਾਸਾ, ਜਾਂਚ 'ਚ ਸਾਹਮਣੇ ਆਇਆ ਇਹ ਸੱਚ 


author

Gurminder Singh

Content Editor

Related News