3.50 ਕਰੋੜ ਕੀਮਤ ਦੀਆਂ 31 ਲਗਜ਼ਰੀ ਗੱਡੀਆਂ ਸਮੇਤ ਚਾਰ ਗ੍ਰਿਫਤਾਰ
Friday, Aug 11, 2017 - 04:47 AM (IST)

ਫਤਿਹਗੜ੍ਹ ਸਾਹਿਬ, (ਜ. ਬ., ਟਿਵਾਣਾ, ਬਖਸ਼ੀ,ਜਗਦੇਵ)- ਜ਼ਿਲਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਸੀ. ਆਈ. ਏ. ਸਰਹਿੰਦ ਦੀ ਟੀਮ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 10 ਮੈਂਬਰਾਂ 'ਚੋਂ 4 ਮੈਂਬਰਾਂ ਨੂੰ ਕਾਬੂ ਕਰ ਕੇ ਲਗਭਗ 3. 50 ਕਰੋੜ ਰੁਪਏ ਕੀਮਤ ਦੀਆਂ 3 ਫਾਰਚੂਨਰ, 6 ਇਨੋਵਾ, 3 ਵਰਨਾ, 2 ਬਲੈਰੋ, 8 ਸਵਿਫਟ, 5 ਸਵਿਫਟ ਡਿਜ਼ਾਇਰ, 2 ਕਰੂਜ਼ ਕਾਰਾਂ, 1 ਸਫਾਰੀ ਅਤੇ ਇਕ ਆਈ. 20 ਸਮੇਤ ਕੁੱਲ 31 ਚੋਰੀ ਦੇ ਲਗਜ਼ਰੀ ਵਾਹਨ ਬਰਾਮਦ ਕੀਤੇ ਗਏ।
ਇਹ ਜਾਣਕਾਰੀ ਪਟਿਆਲਾ ਜ਼ੋਨ ਦੇ ਆਈ. ਜੀ. ਅਮਰਦੀਪ ਸਿੰਘ ਰਾਏ ਨੇ ਪੁਲਸ ਲਾਈਨ ਮਹੱਦੀਆਂ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਕਾਬੂ ਕੀਤੇ ਗਏ ਚਾਰ ਕਥਿਤ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ 56 ਗੱਡੀਆਂ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਗਈ ਹੈ ਅਤੇ ਕਾਬੂ ਕੀਤੇ ਗਏ ਚਾਰ ਮੈਂਬਰਾਂ 'ਚ ਗਿਰੋਹ ਦਾ ਮੁਖੀ ਬਲਵਿੰਦਰ ਸਿੰਘ ਉਰਫ ਸਾਬਾ ਉਰਫ ਗਿਆਨੀ ਵਾਸੀ ਢਪੱਈ ਜ਼ਿਲਾ ਅੰਮ੍ਰਿਤਸਰ ਜੋ ਕਿ ਹੁਣ ਹਰਗੋਬਿੰਦ ਨਗਰ ਨੇੜੇ ਚਾਂਦ ਪੈਲੇਸ ਫਰੀਦਕੋਟ ਵਿਖੇ ਰਹਿੰਦਾ ਹੈ, ਨੂੰ ਵੀ ਕਾਬੂ ਕੀਤਾ ਗਿਆ ਹੈ।
ਸੀ. ਆਈ. ਏ. ਸਟਾਫ ਸਰਹਿੰਦ ਦੇ ਇੰਚਾਰਜ ਐੱਸ. ਆਈ. ਹਰਮਿੰਦਰ ਸਿੰਘ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਬਲਵਿੰਦਰ ਸਿੰਘ ਉਰਫ ਸਾਬਾ ਉਰਫ ਗਿਆਨੀ, ਸਿਮਰਜੀਤ ਸਿੰਘ ਉਰਫ ਜੱਗੀ ਪੁੱਤਰ ਜੀਤ ਸਿੰਘ ਵਾਸੀ ਬਲਵੀਰ ਬਸਤੀ ਨੇੜੇ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਸੰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਚਾਂਦ ਪੈਲੇਸ ਨਜ਼ਦੀਕ ਫਰੀਦਕੋਟ ਵਾਲੀਆਂ ਨਹਿਰਾਂ ਥਾਣਾ ਸਦਰ ਕੋਤਵਾਲੀ ਫਰੀਦਕੋਟ, ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਵਾਹਨ ਚੋਰੀ ਕਰਦੇ ਹਨ। ਚੋਰੀ ਕੀਤੇ ਵਾਹਨਾਂ ਨੂੰ ਬਲਵਿੰਦਰ ਸਿੰਘ ਖੁਦ ਆਪਣੇ ਸਾਥੀਆਂ ਮੋਨੂੰ ਵਾਸੀ ਚੰਡੀਗੜ੍ਹ, ਲਾਲੀ ਅਤੇ ਕੇਵਲ ਵਾਸੀਆਨ ਅੰਮ੍ਰਿਤਸਰ ਨਾਲ ਮਿਲ ਕੇ ਦੁਰਘਟਨਾ ਗ੍ਰਸਤ ਗੱਡੀਆਂ ਖਰੀਦ ਕੇ ਉਨ੍ਹਾਂ ਦੇ ਚੈਸੀ ਨੰਬਰ ਅਤੇ ਇੰਜਣ ਨੰਬਰ ਨੂੰ ਚੋਰੀ ਦੀ ਗੱਡੀ 'ਤੇ ਟੈਂਪਰ ਕਰ ਕੇ ਉਸ ਨੂੰ ਐਕਸੀਡੈਂਟਲ ਗੱਡੀ ਦੇ ਕਾਗਜ਼ਾਤ ਦੇ ਆਧਾਰ 'ਤੇ ਉਸ ਦਾ ਨੰਬਰ ਲਗਾ ਕੇ ਲੋਕਾਂ ਨੂੰ ਜਾਅਲਸਾਜ਼ੀ ਨਾਲ ਅੱਗੇ ਵੇਚ ਦਿੰਦੇ ਹਨ ਅਤੇ ਕਈ ਲੋਕਾਂ ਨੂੰ ਇਹ ਚੋਰੀ ਦੀਆਂ ਗੱਡੀਆਂ ਫਾਈਨਾਂਸ ਦੀਆਂ ਗੱਡੀਆਂ ਦੱਸ ਕੇ ਵੀ ਵੇਚ ਦਿੰਦੇ ਹਨ।