ਸੜਕ ਹਾਦਸਿਆਂ ''ਚ 4 ਜ਼ਖਮੀ

01/23/2018 8:00:30 AM

ਪੱਟੀ,   (ਬੇਅੰਤ, ਸੌਰਭ)-  ਪੱਟੀ ਸ਼ਹਿਰ ਦੀ ਖੇਮਕਰਨ ਚੁੰਗੀ ਵਿਖੇ ਸਵੇਰੇ 9.30 ਵਜੇ 3 ਕਾਰਾਂ ਦੀ ਆਪਸੀ ਟੱਕਰ ਹੋਣ ਨਾਲ 3 ਸਵਾਰੀਆਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਬੂਟਾ ਸਿੰਘ ਵਾਸੀ ਕੋਟ ਈਸੇ ਖਾਂ (ਮੋਗਾ) ਨੇ ਦੱਸਿਆ ਕਿ ਮੈਂ ਆਪਣੇ ਬੇਟੇ ਕੁਲਵਿੰਦਰ ਸਿੰਘ ਤੇ ਨੂੰਹ ਨਾਲ ਆਪਣੀ ਕਾਰ 'ਚ ਪੱਟੀ ਤੋਂ ਪਿੰਡ ਕੋਟ ਈਸੇ ਖਾਂ ਜਾ ਰਿਹਾ ਸੀ। ਸਾਹਮਣੇ ਤੋਂ ਆ ਰਹੀ ਇੰਡੀਕਾ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ। ਇੰਡੀਕਾ ਦੇ ਪਿੱਛੇ ਆ ਰਹੀ ਇਕ ਸਵਿੱਫਟ ਕਾਰ ਦੀ ਵੀ ਸਾਡੀ ਕਾਰ ਨਾਲ ਟੱਕਰ ਹੋ ਗਈ। ਇਸ ਦੌਰਾਨ ਮੇਰੀ ਨੂੰਹ ਦੇ ਸਿਰ 'ਚ ਸੱਟਾਂ ਲਗੀਆਂ। ਦੂਜੇ ਕਾਰ ਸਵਾਰਾਂ ਦੇ ਵੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਤੁਰੰਤ ਸੰਧੂ ਹਸਪਤਾਲ ਪੱਟੀ ਵਿਖੇ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਪ੍ਰੀਤਇੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਬਣਦੀ ਕਾਰਵਾਈ ਕੀਤੀ ਜਾਵੇਗੀ।
ਤਰਨਤਾਰਨ,  (ਰਾਜੂ)-ਥਾਣਾ ਖੇਮਕਰਨ ਦੀ ਪੁਲਸ ਨੇ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੇ ਦੋਸ਼ ਹੇਠ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭੂਰਾ ਕਰੀਮਪੁਰਾ ਨੇ ਦੱਸਿਆ ਕਿ ਉਹ ਆਪਣੇ ਤਾਏ ਦੇ ਲੜਕੇ ਹਰਜਿੰਦਰ ਸਿੰਘ ਨਾਲ ਮੋਟਰਸਾਈਕਲ 'ਤੇ  ਖੇਮਕਰਨ ਤੋਂ ਵਾਪਸ ਪਿੰਡ ਨੂੰ ਜਾ ਰਿਹਾ ਸੀ। ਜਦ ਭੂਰਾ ਕੋਹਨਾ ਪਹੁੰਚੇ ਤਾਂ ਇਕ ਬਲੈਰੋ, ਜਿਸ ਨੂੰ ਗੁਰਸਾਹਿਬ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਭੂਰਾ ਕਰੀਮਪੁਰਾ ਚਲਾ ਰਿਹਾ ਸੀ, ਨੇ ਸਾਡੇ ਮੋਟਰਸਾਈਕਲ 'ਚ ਮਾਰ ਦਿੱਤੀ। ਇਸ ਦੌਰਾਨ ਮੈਂ ਬੇਹੋਸ਼ ਹੋ ਗਿਆ। ਮੈਨੂੰ ਇਲਾਜ ਲਈ ਅਮਨਦੀਪ ਹਸਪਤਾਲ ਦਾਖਲ ਕਰਵਾਇਆ ਗਿਆ। 
ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਪਰਮਜੀਤ ਸਿੰਘ ਨੇ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News