ਸਾਬਕਾ ਡਿਪਟੀ ਸਪੀਕਰ ਮਰਨ ਵਰਤ ਰੱਖ ਕੇ ਫੋਕੀ ਸ਼ੌਹਰਤਬਾਜੀ ਚਮਕਾਉਣ ਤੋਂ ਬਾਜ ਆਉਣ : ਸਿੰਗਲਾ

02/22/2018 12:51:06 PM

ਮਾਨਸਾ (ਸੰਦੀਪ ਮਿੱਤਲ)-ਮੋਹਾਲੀ ਵਿਖੇ ਪ੍ਰਸਤਾਵਿਤ ਹੋਏ ਗੌਰਮਿੰਟ ਮੈਡੀਕਲ ਕਾਲਜ ਨੂੰ ਸੰਗਰੂਰ ਵਿਖੇ ਸ਼ਿਫਟ ਕਰਨ 'ਤੇ ਸਾਬਕਾ ਡਿਪਟੀ ਸਪੀਕਰ ਵਲੋਂ ਲਏ ਸਟੈਂਡ ਬਾਰੇ ਆਲ ਇੰਡੀਆ ਯੂਥ ਕਾਂਗਰਸ ਦੇ ਸਲਾਹਕਾਰ ਐਡਵੋਕੇਟ ਕੁਲਵੰਤ ਰਾਏ ਸਿੰਗਲਾ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਮਰਨ ਵਰਤ ਰੱਖ ਕੇ ਆਪਣੀ ਫੋਕੀ ਸ਼ੌਹਰਤਬਾਜੀ ਚਮਕਾਉਣ ਤੋ ਬਾਜ ਆਉਣਾ ਚਾਹੀਦਾ ਹੈ, ਕਿਉਂਕਿ ਮੋਹਾਲੀ ਵਰਗੇ ਵੱਡੇ ਇਲਾਕਿਆਂ 'ਚ ਪਹਿਲਾਂ ਹੀ ਬਹੁਤ ਸਾਰੀਆਂ ਸਿਹਤ ਸਹੂਲਤਾਂ ਹਨ, ਜਦਕਿ ਮਾਨਸਾ ਅਤੇ ਸੰਗਰੂਰ ਦੋਵੇਂ ਜ਼ਿਲਿਆਂ 'ਚ ਵੱਡੇ ਸਿਹਤ ਅਤੇ ਸਿੱਖਿਆ ਕੇਂਦਰਾਂ ਦੇ ਨਾਲ ਡਾਕਟਰਾਂ ਅਤੇ ਅਧਿਆਪਕਾਂ ਦੀ ਵੀ ਵੱਡੀ ਘਾਟ ਹੈ। ਇਸ ਸਰਕਾਰੀ ਕਾਲਜ ਦੇ ਬਨਣ 'ਤੇ ਇਨ੍ਹਾਂ ਦੋਵੇਂ ਜ਼ਿਲਿਆਂ ਦੇ ਗਰੀਬ ਲੋਕਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਇਨ੍ਹਾਂ ਪੱਛੜੇ ਇਲਾਕਿਆਂ ਦੇ ਲੋਕਾਂ ਦੀ ਦਿੱਖ ਵੀ ਸੁਧਰੇਗੀ। ਸਿੰਗਲਾ ਨੇ ਸਾਬਕਾ ਡਿਪਟੀ ਸਪੀਕਰ ਨੂੰ ਸਲਾਹ ਦਿੱਤੀ ਕਿ ਉਹ ਮਰਨ ਵਰਤ ਦੀ ਗੱਲ ਕਰਨ ਤੋਂ ਪਹਿਲਾ ਇਨ੍ਹਾਂ ਜ਼ਿਲਿਆਂ ਦੇ ਲੋਕਾਂ ਨੂੰ ਖੁਦ ਮਿਲ ਕੇ ਉਨ੍ਹਾਂ ਦੇ ਹਲਾਤਾਂ ਨੂੰ ਦੇਖਣ ਕਿ ਉਹ ਪੰਜਾਬ ਦੇ ਵੱਡੇ ਅਤੇ ਮਹਿੰਗੇ ਹਸਪਤਾਲਾਂ 'ਚ ਇਲਾਜ ਕਰਵਾਉਣ ਤੋ ਅਸਮਰੱਥ ਹਨ ਤੇ ਭਿਆਨਕ ਬਿਮਾਰੀਆਂ ਨਾਲ ਮਰ ਰਹੇ ਹਨ। ਉਨ੍ਹਾਂ ਨੂੰ ਸਿਆਸਤ ਤੋਂ ਉਪਰ ਉਠ ਕੇ ਮਹਿੰਗੇ ਇਲਾਜ ਤੋਂ ਦੂਰ ਗਰੀਬ ਲੋਕਾਂ ਦੀ ਭਲਾਈ ਲਈ ਸੋਚਣਾ ਚਾਹੀਦਾ ਹੈ।


Related News