ਨਿਗਮ ਟੀਮ ਨੇ ਕੀਤਾ ਸੀਵਰੇਜ ਡਿਸਪੋਜ਼ਲ ਦਾ ਦੌਰਾ, ਦੋਵੇਂ ਖੂਹਾਂ ''ਤੇ ਲੱਗੇਗਾ ਲੋਹੇ ਦਾ ਜਾਲ

Thursday, Apr 19, 2018 - 05:54 PM (IST)

ਨਿਗਮ ਟੀਮ ਨੇ ਕੀਤਾ ਸੀਵਰੇਜ ਡਿਸਪੋਜ਼ਲ ਦਾ ਦੌਰਾ, ਦੋਵੇਂ ਖੂਹਾਂ ''ਤੇ ਲੱਗੇਗਾ ਲੋਹੇ ਦਾ ਜਾਲ

ਜਲੰਧਰ (ਸ਼ਾਹ)— ਭਗਤ ਸਿੰਘ ਨਗਰ ਨਿਵਾਸੀ ਸਾਬਕਾ ਕੌਂਸਲਰ ਕਸਤੂਰੀ ਲਾਲ ਸ਼ਰਮਾ ਦਾ ਪੋਤਾ ਰਾਹੁਲ 11 ਅਪ੍ਰੈਲ ਦੀ ਦੁਪਹਿਰ ਘਰ ਤੋਂ ਸਾਈਕਲ ਲੈ ਕੇ ਖੇਡਣ ਲਈ ਨਿਕਲਿਆ ਸੀ ਅਤੇ ਗਾਇਬ ਹੋ ਗਿਆ ਸੀ। ਪਰਿਵਾਰ ਵਾਲਿਆਂ ਅਤੇ ਮੁਹੱਲਾ ਵਾਸੀਆਂ ਵੱਲੋਂ ਪੂਰੀ ਰਾਤ ਛਾਣਬੀਣ ਕੀਤੀ ਗਈ ਸੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਅਗਲੇ ਦਿਨ 12 ਅਪ੍ਰੈਲ ਨੂੰ ਦੁਬਾਰਾ ਸਰਚ ਮੁਹਿੰਮ ਚਲਾਈ ਗਈ। ਸ਼ੱਕ ਹੋਣ ਪੈਣ 'ਤੇ ਕਿ ਕਿਤੇ ਬੱਚਾ ਸੀਵਰੇਜ ਡਿਸਪੋਜ਼ਲ ਦੇ ਖੂਹ 'ਚ ਤਾਂ ਨਹੀਂ ਡਿੱਗ ਗਿਆ ਤਾਂ ਨਗਰ ਨਿਗਮ ਦੀ ਟੀਮ ਨੂੰ ਬੁਲਾ ਕੇ ਜਦ ਸੀਵਰੇਜ ਦੇ ਡਿਸਪੋਜ਼ਲ ਦੇ ਖੂਹ ਦਾ ਪਾਣੀ ਕੱਢ ਕੇ ਦੇਖਿਆ ਤਾਂ ਉਸ 'ਚੋਂ ਰਾਹੁਲ ਦੀ ਲਾਸ਼ ਬਰਾਮਦ ਹੋਈ ਸੀ। ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਵੀ ਨਗਰ ਨਿਗਮ ਅਤੇ ਜ਼ਿਲਾ ਪ੍ਰਸ਼ਾਸਨ ਦਾ ਧਿਆਨ ਇਸ ਮੌਤ ਦੇ ਖੂਹ ਵੱਲ ਨਹੀਂ ਜਾ ਰਿਹਾ ਸੀ, ਜਦਕਿ ਲੋਕਾਂ ਦੀ ਮੰਗ ਸੀ ਕਿ ਇਸ ਖੂਹ 'ਤੇ ਲੋਹੇ ਦਾ ਜਾਲ ਬਣਾ ਕੇ ਲਗਾਇਆ ਜਾਵੇ ਤਾਂ ਜੋ ਭਵਿੱਖ 'ਚ ਕੋਈ ਵੱਡੀ ਘਟਨਾ ਨਾ ਵਾਪਰੇ। ਜਦੋਂ ਇਸ ਸਬੰਧੀ ਪ੍ਰਸ਼ਾਸਨ ਹਰਕਤ 'ਚ ਨਹੀਂ ਆਇਆ ਤਾਂ 'ਜਗ ਬਾਣੀ' ਵੱਲੋਂ ਮੁਹੱਲੇ ਦੇ ਲੋਕਾਂ ਦੀ ਮੰਗ 'ਤੇ ਪਿਛਲੇ ਦਿਨੀਂ 'ਅਜੇ ਵੀ ਮੂੰਹ ਖੋਲ੍ਹੀ ਖੜ੍ਹਾ ਹੈ ਮੌਤ ਦਾ ਖੂਹ' ਸਿਰਲੇਖ ਹੇਠ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। 
ਖਬਰ ਛਪਣ ਤੋਂ ਬਾਅਦ ਵਾਰਡ ਕੌਂਸਲਰ ਸੁਸ਼ੀਲ ਕਾਲੀਆ ਨੇ ਵੀ ਇਹ ਮਾਮਲਾ ਵਿਧਾਇਕ ਬਾਵਾ ਹੈਨਰੀ ਦੇ ਧਿਆਨ 'ਚ ਲਿਆਂਦਾ ਅਤੇ ਮੁਹੱਲਾ ਵਾਸੀਆਂ ਦੀ ਮੰਗ ਤੋਂ ਜਾਣੂ ਕਰਵਾਇਆ। ਬਾਵਾ ਹੈਨਰੀ ਨੇ ਵੀ ਕੌਂਸਲਰ ਨੂੰ ਡਿਸਪੋਜ਼ਲ ਦੇ ਖੂਹਾਂ 'ਤੇ ਲੋਹੇ ਦੇ ਜਾਲ ਲਗਾਉਣ ਦੇ ਤੁਰੰਤ ਹੁਕਮ ਦਿੱਤੇ। ਬੁੱਧਵਾਰ ਨਗਰ ਨਿਗਮ ਦੀ ਟੀਮ ਨੇ ਵੀ ਛਪੀ ਖਬਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਸਪੋਜ਼ਲ ਦੇ ਖੂਹ ਦਾ ਦੌਰਾ ਕੀਤਾ। 

PunjabKesari
ਇਸ ਮੌਕੇ ਟੀਮ 'ਚ ਨਗਰ ਨਿਗਮ ਦੇ ਐੱਸ. ਡੀ. ਓ. ਸੁਰੇਸ਼, ਜੇ. ਈ. ਅਮਿਤ ਕੁਮਾਰ, ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਤੇ ਮਨਹਰ ਤੋਂ ਇਲਾਵਾ ਭਾਰੀ ਗਿਣਤੀ 'ਚ ਮੁਹੱਲੇ ਦੇ ਲੋਕ ਮੌਜੂਦ ਸਨ। ਇਸ ਮੌਕੇ ਕੌਂਸਲਰ ਕਾਲੀਆ ਨੇ ਦੱਸਿਆ ਕਿ ਨਿਗਮ ਵੱਲੋਂ ਆਈ ਟੀਮ ਨੇ ਸੀਵਰੇਜ ਡਿਸਪੋਜ਼ਲ ਦੇ ਖੂਹਾਂ 'ਤੇ ਲਗਾਏ ਜਾਣ ਵਾਲੇ ਲੋਹੇ ਦੇ ਜਾਲ ਦਾ ਐਸਟੀਮੇਟ ਬਣਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਹਫਤੇ ਦੇ ਅੰਦਰ ਦੋਵਾਂ ਖੂਹਾਂ 'ਤੇ ਲੋਹੇ ਦੇ ਜਾਲ ਬਣਾ ਕੇ ਲਗਾ ਦਿੱਤੇ ਜਾਣਗੇ ਤਾਂ ਜੋ ਭਵਿੱਖ 'ਚ ਕੋਈ ਵੱਡੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਰਾਜੇਸ਼ ਕੁਮਾਰ ਰਾਜੂ, ਅਵਤਾਰ ਸਿੰਘ, ਵਿਨੋਦ ਕੁਮਾਰ, ਮਨੀਸ਼ ਅਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।
ਚਾਰਦੀਵਾਰੀ ਕਰਵਾ ਕੇ ਗੇਟ ਵੀ ਲਗਾਇਆ ਜਾਵੇਗਾ: ਸੁਸ਼ੀਲ ਕਾਲੀਆ
ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਖੂਹਾਂ 'ਤੇ ਲੋਹੇ ਦਾ ਜਾਲ ਲਗਾਉਣ ਤੋਂ ਇਲਾਵਾ ਡਿਸਪੋਜ਼ਲ ਦੀ ਜਗ੍ਹਾ 'ਤੇ ਚਾਰੇ ਪਾਸੇ ਚਾਰਦੀਵਾਰੀ ਕਰਵਾ ਕੇ ਇਕ ਗੇਟ ਲਗਵਾਉਣ ਦੀ ਮੰਗ ਵੀ ਰੱਖੀ। ਲੋਕਾਂ ਦਾ ਕਹਿਣਾ ਸੀ ਕਿ ਇਥੇ ਕੋਈ ਚਾਰਦੀਵਾਰੀ ਨਾ ਹੋਣ ਕਾਰਨ ਇਥੇ ਬੱਚੇ ਖੇਡਦੇ ਰਹਿੰਦੇ ਹਨ, ਜਿਸ ਕਾਰਨ ਕੋਈ ਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ 'ਤੇ ਕੌਂਸਲਰ ਸੁਸ਼ੀਲ ਕਾਲੀਆ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਉਨ੍ਹਾਂ ਦੀ ਇਹ ਮੰਗ ਵੀ ਪੂਰੀ ਕਰਦੇ ਹੋਏ ਗੇਟ ਲਗਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।


Related News