ਸੁਸ਼ੀਲ ਰਿੰਕੂ ਦੇ ਗੜ੍ਹ ’ਚ ਪਹੁੰਚੇ ਸਾਬਕਾ ਮੁੱਖ ਮੰਤਰੀ ਚੰਨੀ, ਜ਼ਿਲੇ ਦਾ ਦੌਰਾ ਕਰ ਵਰਕਰਾਂ ਨਾਲ ਕੀਤੀਆਂ ਮੀਟਿੰਗਾਂ

Monday, Apr 08, 2024 - 05:50 AM (IST)

ਜਲੰਧਰ (ਚੋਪੜਾ)– ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਨੂੰ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਗੜ੍ਹ ’ਚ ਪੁੱਜੇ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਬਸਤੀਆਂ ਇਲਾਕੇ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਮੈਂਬਰ ਵਿਕਾਸ ਸੰਗਰ ਤੇ ਸਾਬਕਾ ਕੌਂਸਲਰ ਅਨੀਤਾ ਅੰਗੁਰਾਲ ਤੇ ਬਲਬੀਰ ਅੰਗੁਰਾਲ ਦੀ ਰਿਹਾਇਸ਼ ’ਤੇ ਪਹੁੰਚੇ। ਚੰਨੀ ਨੇ ਰਾਮਾ ਮੰਡੀ ’ਚ ਕਾਂਗਰਸ ਆਗੂ ਵਿਜੇ ਦਕੋਹਾ ਤੇ ਸਾਬਕਾ ਕੌਂਸਲਰ ਬਿਮਲਾ ਰਾਣੀ ਵਲੋਂ ਆਯੋਜਿਤ ਪ੍ਰੋਗਰਾਮ ਦੇ ਇਲਾਵਾ ਪਿੰਡ ਧੀਣਾ ’ਚ ਇਕ ਧਾਰਮਿਕ ਪ੍ਰੋਗਰਾਮ ’ਚ ਸ਼ਿਰਕਤ ਕੀਤੀ।

ਚੰਨੀ ਦੀ ਫੇਰੀ ਨੂੰ ਲੈ ਕੇ ਵੈਸਟ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਆਗੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀਪਕ ਖੋਸਲਾ, ਸਾਬਕਾ ਕੌਂਸਲਰ ਬੰਟੀ ਨੀਲਕੰਠ, ਸਾਬਕਾ ਕੌਂਸਲਰ ਤੇ ਜ਼ਿਲਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ, ਕਮਲ ਭੈਰਵ, ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਦੇਵ, ਸਾਬਕਾ ਕੌਂਸਲਰ ਐਡ. ਬਚਨ ਲਾਲ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੁਰਿੰਦਰ ਚੌਧਰੀ, ਕਾਂਗਰਸ ਦੇ ਨੌਜਵਾਨ ਆਗੂ ਕਰਣ ਜੱਲੋਵਾਲ, ਸਾਬਕਾ ਕੌਂਸਲਰ ਮਨਦੀਪ ਜੱਸਲ, ਕੌਂਸਲਰ ਪੁੱਤਰ ਅਨਮੋਲ ਗਰੋਵਰ, ਕਮਲ ਲੋਚ, ਗੀਤ ਰਤਨ ਖਹਿਰਾ ਸਮੇਤ ਵੱਡੀ ਗਿਣਤੀ ’ਚ ਵਰਕਰਾਂ ਨੇ ਆਪਣੇ ਚਹੇਤੇ ਆਗੂ ਦਾ ਜ਼ੋਰਦਾਰ ਸਵਾਗਤ ਕੀਤਾ।

ਇਹ ਖ਼ਬਰ ਵੀ ਪੜ੍ਹੋ : 12-15 ਸਾਲ ਦੇ ਲੜਕਿਆਂ ਨੂੰ ਹਵਸ ਦਾ ਸ਼ਿਕਾਰ ਬਣਾਉਂਦੀ ਸੀ 23 ਸਾਲਾ ਲੜਕੀ, ਭੇਜਦੀ ਸੀ ਅਸ਼ਲੀਲ ਵੀਡੀਓਜ਼

ਇਸ ਦੌਰਾਨ ਵਿਕਾਸ ਸੰਗਰ, ਬਲਬੀਰ ਅੰਗੁਰਾਲ, ਦੀਪਕ ਖੋਸਲਾ, ਬੰਟੀ ਨੀਲਕੰਠ ਤੇ ਹੋਰਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਚਰਨਜੀਤ ਚੰਨੀ ਜਲੰਧਰ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਕੇ ਉੱਭਰੇ ਹਨ। ਉਨ੍ਹਾਂ ਹਾਈਕਮਾਨ ਤੋਂ ਮੰਗ ਕੀਤੀ ਕਿ ਚੰਨੀ ਨੂੰ ਜਲਦ ਤੋਂ ਜਲਦ ਉਮੀਦਵਾਰ ਐਲਾਨਿਆ ਜਾਵੇ। ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕ ਚੋਣਾਂ ’ਚ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਸਫਾਇਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਅੱਜ ਵਰਕਰਾਂ ’ਚ ਜੋ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਸ ਤੋਂ ਸਪੱਸ਼ਟ ਹੈ ਕਿ ਜੇਕਰ ਕਾਂਗਰਸ ਪਾਰਟੀ 2024 ’ਚ ਚੰਨੀ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਉਹ ਵੱਡੇ ਫਰਕ ਨਾਲ ਜਿੱਤ ਹਾਸਲ ਕਰਨਗੇ।

PunjabKesari

ਹਾਲਾਂਕਿ ਚੰਨੀ ਟਿਕਟ ਨੂੰ ਲੈ ਕੇ ਚੌਧਰੀ ਪਰਿਵਾਰ ਵਲੋਂ ਉਨ੍ਹਾਂ ਵਿਰੁੱਧ ਸ਼ੁਰੂ ਕੀਤੀ ਗਈ ਬਿਆਨਬਾਜ਼ੀ ਬਾਰੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰਦੇ ਰਹੇ। ਉਨ੍ਹਾਂ ਕਿਹਾ ਕਿ ਉਹ ਸੁਸ਼ੀਲ ਰਿੰਕੂ ਦੇ ਗੜ੍ਹ ਵਜੋਂ ਬਸਤੀਆਂ ਇਲਾਕੇ ’ਚ ਨਹੀਂ ਆਏ ਹਨ ਪਰ ਜੋ ਵੀ ਵਰਕਰ ਉਨ੍ਹਾਂ ਨੂੰ ਬੁਲਾਵੇਗਾ, ਉਹ ਉਨ੍ਹਾਂ ਨੂੰ ਮਿਲਣ ਜ਼ਰੂਰ ਆਉਣਗੇ। ਚੰਨੀ ਨੇ ਕਿਹਾ ਕਿ ਵਰਕਰਾਂ ਦਾ ਪਿਆਰ ਹੀ ਉਨ੍ਹਾਂ ਨੂੰ ਇਥੇ ਲੈ ਕੇ ਆਇਆ ਹੈ। ਹਾਈਕਮਾਨ ਉਨ੍ਹਾਂ ਨੂੰ ਜੋ ਵੀ ਹੁਕਮ ਦੇਵੇਗੀ, ਉਹ ਉਸ ਦੀ ਪਾਲਣਾ ਕਰਨਗੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਭੋਸਲੇ, ਸਾਹਿਲ ਸਹਿਦੇਵ, ਨਵਦੀਪ ਜਰੇਵਾਲ, ਵਿਸ਼ੰਭਰ ਭਗਤ, ਲੁਭਾਇਆ ਰਾਮ ਥਾਪਾ, ਪਵਨ ਖੰਨਾ, ਲਖਬੀਰ ਸਿੰਘ ਕੋਟਲੀ ਤੇ ਹੋਰ ਮੌਜੂਦ ਸਨ।

ਕੱਲ ਤਕ ਜੋ ਚੌਧਰੀ ਪਰਿਵਾਰ ਦੇ ਨਾਲ ਸਨ, ਹੁਣ ਚੰਨੀ ਦਾ ਕਰਨ ਲੱਗੇ ਗੁਣਗਾਨ
ਜਿਹੜੇ ਕਾਂਗਰਸੀ ਆਗੂ ਕੁਝ ਸਮਾਂ ਪਹਿਲਾਂ ਤੱਕ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਚੌਧਰੀ ਪਰਿਵਾਰ ਨਾਲ ਖੜ੍ਹੇ ਨਜ਼ਰ ਆਉਂਦੇ ਸਨ, ਉਹ ਹੁਣ ਚੌਧਰੀ ਪਰਿਵਾਰ ਤੋਂ ਦੂਰੀ ਬਣਾ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਗੁਣਗਾਨ ਕਰ ਰਹੇ ਹਨ। ਅੱਜ ਜਿਸ ਤਰ੍ਹਾਂ ਵੈਸਟ ਹਲਕੇ ਤੇ ਰਾਮਾ ਮੰਡੀ ਦੇ ਪ੍ਰੋਗਰਾਮਾਂ ’ਚ ਕਾਂਗਰਸੀ ਵਰਕਰਾਂ ਨੇ ਚੰਨੀ ਨੂੰ ਪਹਿਲ ਦਿੱਤੀ, ਉਸ ਤੋਂ ਸਾਫ਼ ਹੈ ਕਿ ਹੁਣ ਚੌਧਰੀ ਪਰਿਵਾਰ ਲਈ ਜਲੰਧਰ ਸੀਟ ਵਾਸਤੇ ਸਰਵਾਈਵ ਕਰ ਪਾਉਣਾ ਟੇਢੀ ਖੀਰ ਹੀ ਸਾਬਿਤ ਹੋਵੇਗਾ।

PunjabKesari

ਇਸ ਸਬੰਧੀ ਜਦੋਂ ਕੁਝ ਸੀਨੀਅਰ ਕਾਂਗਰਸੀ ਆਗੂਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਖੁੱਲ੍ਹ ਕੇ ਕਿਹਾ ਕਿ ਵਰਕਰ ਸਿਰਫ਼ ਪਿਆਰ ਤੇ ਆਸ ਨਾਲ ਆਪਣੇ ਲੀਡਰ ਨਾਲ ਜੁੜਿਆ ਹੁੰਦਾ ਹੈ ਪਰ ਚੌਧਰੀ ਪਰਿਵਾਰ ਨੇ ਹਮੇਸ਼ਾ ਹੀ ਵਰਕਰਾਂ ਦੇ ਹਿੱਤਾਂ ਦੀ ਅਣਦੇਖੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਵ. ਸੰਤੋਖ ਚੌਧਰੀ ਫਿਰ ਵੀ ਕਿਸੇ ਹੱਦ ਤੱਕ ਵਰਕਰਾਂ ਨਾਲ ਜੁੜੇ ਹੋਏ ਸਨ ਪਰ ਅੱਜ ਹਰ ਕਾਂਗਰਸੀ ਉਨ੍ਹਾਂ ਦੇ ਪੁੱਤਰ ਦੇ ਰਵੱਈਏ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਸੀਟ ਲਈ ਚੰਨੀ ਹੀ ਸਭ ਤੋਂ ਯੋਗ ਉਮੀਦਵਾਰ ਹਨ ਤੇ ਹਰ ਵਰਕਰ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹਾ ਹੈ। ਹਾਈ ਕਮਾਨ ਨੂੰ ਵੀ ਚੰਨੀ ਦੇ ਨਾਂ ਦਾ ਐਲਾਨ ਕਰਕੇ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News