‘ਆਪ’ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਨਿਲ ਦੱਤ ਫੱਲੀ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਅਲਵਿਦਾ

Thursday, Sep 16, 2021 - 02:44 AM (IST)

‘ਆਪ’ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਨਿਲ ਦੱਤ ਫੱਲੀ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਅਲਵਿਦਾ

ਖੰਨਾ(ਸੁਖਵਿੰਦਰ ਕੌਰ,ਵਿਪਨ)- ਆਪ ਪਾਰਟੀ ਦੇ ਸੁਪ੍ਰੀਮੋ ਅਤੇ ‘ਆਪ’ ਨੇਤਾਵਾਂ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਅੱਜ ਵਿਧਾਨ ਸਭਾ ਹਲਕਾ ਖੰਨਾ ਤੋਂ ‘ਆਪ’ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਤੇ ਸੀਨੀਅਰ ਨੇਤਾ ਅਨਿਲ ਦੱਤ ਫੱਲੀ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਹਲਕਾ ਇੰਚਾਰਜਾਂ ਦੀ ਸੂਚੀ ’ਚ ਆਪਣਾ ਨਾਂ ਗਾਇਬ ਪਾਉਣ ਦੇ ਬਾਅਦ ਤੋਂ ਫੱਲੀ ‘ਆਪ’ ਪਾਰਟੀ ਹਾਈਕਮਾਨ ਤੋਂ ਨਾਰਾਜ਼ ਚੱਲੇ ਆ ਰਹੇ ਸਨ । ਇਸ ਸੰਦਰਭ ਵਿਚ ਅੱਜ ਅਨਿਲ ਦੱਤ ਫੱਲੀ ਵਲੋਂ ਆਪਣੇ ਨਿਵਾਸ ਸਥਾਨ ’ਤੇ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰ ਕੇ ‘ਆਪ’ ਪਾਰਟੀ ਦੀਆਂ ਖਾਮੀਆਂ ਦਾ ਖੁਲਾਸਾ ਕੀਤਾ ਗਿਆ ।

ਦੱਸ ਦੇਈਏ ਕਿ ਭਾਜਪਾ ਕੋਟੇ ਤੋਂ ਕੈਬਨਿਟ ਮੰਤਰੀ ਰਹਿ ਚੁੱਕੇ ਅਨਿਲ ਜੋਸ਼ੀ ਦੇ ਰਿਸ਼ਤੇਦਾਰੀ ’ਚ ਲਗਦੇ ਭਰਾ ਅਨਿਲ ਦੱਤ ਫੱਲੀ ਪਹਿਲਾਂ ਭਾਜਪਾ ’ਚ ਸਨ ਫਿਰ ਉਨ੍ਹਾਂ ‘ਆਪ’ ਪਾਰਟੀ ਦਾ ਪੱਲਾ ਫੜਿਆ। ਉਹ ਅਤੇ ਉਨ੍ਹਾਂ ਦੀ ਪਤਨੀ ਰਜਨੀ ਫੱਲੀ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ। ਹੁਣ ਮੌਜੂਦਾ ਸਮੇਂ ਵੀ ਉਨ੍ਹਾਂ ਦੀ ਪਤਨੀ ‘ਆਪ’ ਪਾਰਟੀ ਤੋਂ ਕੌਂਸਲਰ ਹੈ। ਫੱਲੀ 2017 ਦੀਆਂ ਵਿਧਾਨ ਸਭਾ ਚੋਣਾਂ ’ਚ 35, 099 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ ਸਨ ।       

ਇਸ ਮੌਕੇ ਅਨਿਲ ਦੱਤ ਫੱਲੀ ਨੇ ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਪਰ ਜਿਵੇਂ-ਜਿਵੇਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਕਰੀਬ ਤੋਂ ਅਤੇ ਬਾਰੀਕੀ ਨਾਲ ਜਾਨਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਸਾਹਮਣੇ ਕਈ ਗੱਲਾਂ ਆਈਆਂ। ਫੱਲੀ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਨੇਤਾਵਾਂ ਵਲੋਂ ਪਾਰਟੀ ਵਿਚ ਪਦ ਉੱਨਤੀ ਦੇਣ ਦੇ ਬਦਲੇ ਗੱਲ-ਗੱਲ ’ਤੇ ਪੈਸੇ ਮੰਗੇ ਜਾ ਰਹੇ ਹਨ, ਉਥੇ ਹੀ ਵੋਟਾਂ ਦੀ ਖਾਤਰ ਇਕ ਖਾਸ ਸੰਪ੍ਰਦਾਇ ਨੂੰ ਖੁਸ਼ ਕਰਨ ਲਈ ਹਿੰਦੂਆਂ ਨੂੰ ਦਰ-ਕਿਨਾਰ ਕੀਤਾ ਜਾ ਰਿਹਾ ਹੈ ।

ਇੰਨਾ ਹੀ ਨਹੀਂ, ਫੱਲੀ ਨੇ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਨੌਟੰਕੀ ਦਾ ਬਾਦਸ਼ਾਹ ਕਰਾਰ ਦਿੱਤਾ ਅਤੇ ਕਿਹਾ ਕਿ ਦਿੱਲੀ ਮਾਡਲ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਦੋਂ ਕਿ ਦਿੱਲੀ ਮਾਡਲ ਅਸਲ ਸੱਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਦਿੱਲੀ ਦੇ ਕਈ ਘੋਟਾਲਿਆਂ ਨੂੰ ਵੀ ਜਗ ਜ਼ਾਹਿਰ ਕਰਨਗੇ ।

ਫੱਲੀ ਨੇ ਕਈ ਨੇਤਾਵਾਂ ਦਾ ਨਾਂ ਲੈਂਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਕਦੇ ਰੈਲੀ ਦੇ ਨਾਂ ’ਤੇ ਤੇ ਕਦੇ ਪਾਰਟੀ ਖਰਚ ਦੇ ਨਾਂ ’ਤੇ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਹਰ ਤਿੰਨ ਮਹੀਨੇ ਬਾਅਦ ਉਹ ਕਿੱਥੋਂ ਪੈਸੇ ਲੈ ਕੇ ਉਨ੍ਹਾਂ ਨੂੰ ਦੇਣ ਕਿਉਂਕਿ ਉਨ੍ਹਾਂ ਦਾ ਮਕਸਦ ਤਾਂ ਲੋਕਾਂ ਦੀ ਸੇਵਾ ਕਰਨਾ ਹੈ, ਨਾ ਕਿ ਪੈਸੇ ਇਕੱਠੇ ਕਰਨਾ ।

ਫੱਲੀ ਨੇ ਅੱਗੇ ਦੱਸਿਆ ਕਿ ਪਾਰਟੀ ਦੇ ਇਕ ਨੇਤਾ ਵਲੋਂ ਉਨ੍ਹਾਂ ਨੂੰ ਪਿੰਡਾਂ ਵਿਚ ਜਾਂਦੇ ਸਮੇਂ ਹੱਥ ਵਿਚ ਮੌਲੀ ਅਤੇ ਮੱਥੇ ’ਤੇ ਟਿੱਕਾ ਲਗਾ ਕੇ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ ਕਿ ਪਿੰਡ ਵਾਸੀ ਇਤਰਾਜ਼ ਕਰਦੇ ਹਨ। ਇਸ ’ਤੇ ਫੱਲੀ ਨੇ ਦੱਸਿਆ ਕਿ ਉਨ੍ਹਾਂ ਨੇ ਹਲਕਾ ਖੰਨਾ ਦੇ ਬਹੁਤ ਸਾਰੇ ਪਿੰਡਾਂ ਦੇ ਦੌਰੇ ਕੀਤੇ ਹਨ ਪਰ ਉਨ੍ਹਾਂ ਨੂੰ ਤਾਂ ਅਜਿਹਾ ਕਦੇ ਨਹੀਂ ਲੱਗਿਆ ਕਿ ਪਿੰਡ ਵਾਸੀਆਂ ਨੂੰ ਇਨ੍ਹਾਂ ਸਭ ਚੀਜ਼ਾਂ ਤੋਂ ਕੋਈ ਇਤਰਾਜ਼ ਹੈ।

ਫੱਲੀ ਨੇ ਦੱਸਿਆ ਕਿ ਇਸ ਸਭ ਤੋਂ ਸਾਫ਼ ਹੋ ਗਿਆ ਹੈ ਕਿ ਜਿਸ ਸੋਚ ਨੂੰ ਲੈ ਕੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ, ਉਸ ਤੋਂ ਇਕ ਗੱਲ ਸਪੱਸ਼ਟ ਹੈ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ’ਚ ਆਈ ਤਾਂ ‘ਆਪ’ ਨੇਤਾਵਾਂ ਵਲੋਂ ਸੰਪ੍ਰਦਾਇਕਤਾ ਦੀ ਜ਼ਹਿਰ ਜ਼ਰੂਰ ਘੋਲੀ ਜਾਵੇਗੀ ।

ਫੱਲੀ ਨੇ ਪੰਜਾਬ ਦੇ ਲੋਕਾਂ ਅਤੇ ਖਾਸਕਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜਿਹੀ ਸੰਪ੍ਰਦਾਇਕ ਪਾਰਟੀ ਦੇ ਨੇਤਾਵਾਂ ਦੇ ਰੂਪ ’ਚ ਬੈਠੇ ਭੇੜੀਆਂ ਨੂੰ ਪਛਾਣੋ ਅਤੇ ਭੁੱਲ ਕੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ ਕਿਉਂਕਿ ਜੇਕਰ ਅਜਿਹੇ ਲੋਕਾਂ ਦੇ ਹੱਥ ’ਚ ਸੱਤਾ ਆਈ ਤਾਂ ਪੰਜਾਬ ਦਾ ਹਾਲ 1947 ਅਤੇ 1984 ਦੇ ਹਾਲਾਤ ਤੋਂ ਵੀ ਜ਼ਿਆਦਾ ਖਤਰਨਾਕ ਹੋਵੇਗਾ ।

ਅਨੁਮਾਨ ਲਾਇਆ ਜਾ ਰਿਹਾ ਹੈ ਕਿ ਆਪਣੇ ਭਰਾ ਅਨਿਲ ਜੋਸ਼ੀ ਦੀ ਤਰਜ ’ਤੇ ਹੁਣ ਫੱਲੀ ਵੀ ਸ਼ਿਅਦ ਦਾ ਪੱਲਾ ਫੜ ਸਕਦੇ ਹਨ ਪਰ ਫੱਲੀ ਨੇ ਸਾਰੀਆਂ ਚਰਚਾਵਾਂ ’ਤੇ ਵਿਰਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜੇ ਅਜਿਹਾ ਕੋਈ ਫੈਸਲਾ ਨਹੀਂ ਲਿਆ ਹੈ ਅਤੇ ਇਹ ਸਭ ਉਨ੍ਹਾਂ ਨੇ ਇਲਾਕਾਵਾਸੀਆਂ ਅਤੇ ਆਪਣੇ ਚਹੇਤਿਆਂ ਉੱਤੇ ਛੱਡਿਆ ਹੈ ।


author

Bharat Thapa

Content Editor

Related News