ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ

Monday, Jul 30, 2018 - 04:20 AM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ

ਤਪਾ ਮੰਡੀ, (ਸ਼ਾਮ)- ਪੁਲਸ ਨੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਮਾਮਲੇ ’ਚ ਲੱਖਾਂ ਰੁਪਏ  ਠੱਗਣ ਦੇ ਦੋਸ਼ ’ਚ ਮਾਮਲਾ ਦਰਜ ਕਰ ਕੇ 2 ਵਿਅਕਤੀਅਾਂ ਨੂੰ ਕਾਬੂ ਕੀਤਾ ਹੈ। ਪਿੰਡ  ਕਾਹਨੇਕੇ ਦੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਕਾਹਨੇਕੇ ਨੇ ਪੁਲਸ ਨੂੰ ਦਰਖਾਸਤ ਦੇ ਕੇ ਦੱਸਿਆ ਕਿ ਉਹ 10ਵੀਂ ਪਾਸ ਬੇਰੋਜ਼ਗਾਰ ਹੈ ਅਤੇ ਵਿਦੇਸ਼ ਜਾਣ ਦਾ ਚਾਹਵਾਨ ਸੀ। ਉਸ ਦੀ ਮੁਲਾਕਾਤ ਸੁਖਪ੍ਰੀਤ ਸਿੰਘ ਰਿੰਕੂ ਵਾਸੀ ਠੀਕਰੀਵਾਲ,  ਗੁਰਪਾਲ ਸਿੰਘ ਅਤੇ ਹਨੀ ਸ਼ਰਮਾ  ਨਾਲ ਹੋਈ, ਜਿਨ੍ਹਾਂ ਨੇ ਉਸ ਨੂੰ  ਏਜੰਟਾਂ ਰਣਜੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਡਾਲਾ ਅਤੇ ਸਾਗਰ ਸਿੰਘ ਵਾਸੀ ਅੰਮ੍ਰਿਤਸਰ, ਚੌਧਰੀ ਵਾਸੀ ਦਿੱਲੀ ਰਾਹੀਂ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ।  
ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰਾਂ ਨੇ 24 ਲੱਖ ਰੁਪਏ ’ਚ ਉਸ ਨੂੰ ਕੈਨੇਡਾ ਭੇਜਣ ਦੀ  ਗੱਲ ਉਸ ਦੇ ਘਰ ਪੁੱਜ ਕੇ  ਤੈਅ ਕੀਤੀ  ਅਤੇ 5 ਲੱਖ ਰੁਪਏ ਪੇਸ਼ਗੀ  ਲੈ  ਲਏ ਜਦੋਂਕਿ ਬਾਕੀ ਰੁਪਏ ਵਿਦੇਸ਼ ਪੁੱਜ ਕੇ ਦੇਣ ਦੀ ਗੱਲਬਾਤ ਹੋਈ। ਏਜੰਟਾਂ ਨੇ ਉਸ ਨੂੰ ਦਿੱਲੀ ਵਿਖੇ ਬੁਲਾ ਕੇ ਕਈ ਦਿਨ ਹੋਟਲ ’ਚ ਰੱਖਿਆ। ਉਪਰੰਤ ਬੈਂਗਲੁਰੂ ਵਿਖੇ ਲਿਜਾ ਕੇ ਵੀ ਕਈ ਦਿਨ ਹੋਟਲ ’ਚ ਰੱਖਿਆ ਅਤੇ  ਜਾਅਲੀ ਵੀਜ਼ਾ ਦੇਣ ਉਪਰੰਤ ਉਸ ਦੀ ਕੁੱਟ-ਮਾਰ ਕਰ ਕੇ ਘਰੋਂ ਜਬਰੀ ਰੁਪਏ ਮੰਗਵਾਉਣ ਲਈ  ਦਬਾਅ ਪਾਇਆ। ਉਸ ਦੇ ਪਰਿਵਾਰ ਨੇ ਵੀਜ਼ਾ ਲੱਗ ਜਾਣ ਦੀ ਖੁਸ਼ੀ ’ਚ ਅਾਪਣੀ ਜ਼ਮੀਨ ਗਹਿਣੇ ਰੱਖ  ਕੇ ਮੁਲਜ਼ਮਾਂ ਨੂੰ ਮੋਟੀ ਰਕਮ ਦੇ ਦਿੱਤੀ  ਪਰ ਮਾਮਲੇ ਦਾ ਜਲਦੀ ਪਰਦਾਫਾਸ਼ ਹੋ ਜਾਣ ’ਤੇ ਅਤੇ ਉਨ੍ਹਾਂ ਵੱਲੋਂ ਲਗਾਤਾਰ ਮੁਲਜ਼ਮਾਂ  ’ਤੇ ਦਬਾਅ ਪਾਏ ਜਾਣ  ’ਤੇ ਇਨ੍ਹਾਂ ਵਿਚੋਂ ਕੁਝ ਵਿਅਕਤੀਆਂ ਨੇ ਉਨ੍ਹਾਂ  ਨੂੰ ਰਕਮ ਵਾਪਸ  ਕਰਨ ਲਈ ਚੈੱਕ ਵੀ ਦਿੱਤੇ, ਜੋ ਬਾਊਂਸ  ਹੁੰਦੇ  ਰਹੇ।
ਓਧਰ ਪੁਲਸ ਨੇ ਘਟਨਾ ਦੀ ਪਡ਼ਤਾਲ ਦੌਰਾਨ ਤੱਥ ਸਹੀ ਪਾਏ ਜਾਣ ’ਤੇ ਸੁਖਪ੍ਰੀਤ ਸਿੰਘ ਉਰਫ ਰਿੰਕੂ ਵਾਸੀ ਠੀਕਰੀਵਾਲ, ਰਣਜੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀਅਨ ਡਾਲਾ (ਮੋਗਾ), ਸਾਗਰ ਸਿੰਘ ਅੰਮ੍ਰਿਤਸਰ, ਚੌਧਰੀ ਵਾਸੀ ਦਿੱਲੀ, ਗੁਰਪਾਲ ਸਿੰਘ ਬਰਨਾਲਾ, ਹਨੀ ਸ਼ਰਮਾ ਬਰਨਾਲਾ  ਖਿਲਾਫ ਥਾਣਾ ਰੂਡ਼ੇਕੇ ਕਲਾਂ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ 2 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News