ਕਿਸਾਨ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ’ਤੇ ਧੱਕੇ ਨਾਲ ਝੋਨਾ ਲਾਉਣ ਦੇ ਲਾਏ ਦੋਸ਼
Sunday, Jun 24, 2018 - 04:15 AM (IST)
ਖਡੂਰ ਸਾਹਿਬ/ਵੈਰੋਵਾਲ, (ਗਿੱਲ)- ਇਥੋਂ ਨੇਡ਼ਲੇ ਪਿੰਡ ਮੰਡਾਲਾ ਵਿਖੇ ਇਕ ਕਿਸਾਨ ਪਰਿਵਾਰ ਨੇ ਆਪਣੇ ਹੀ ਰਿਸ਼ਤੇਦਾਰਾਂ ’ਤੇ ਪਿੰਡ ਦੇ ਕੁਝ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀ ਜ਼ਮੀਨ ’ਚ ਜਬਰੀ ਝੋਨਾ ਲਾਉਣ ਦੇ ਦੋਸ਼ ਲਾਏ ਹਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੀ ਟੀਮ ਨੂੰ ਮੌਕਾ ਵਿਖਾਉਂਦਿਆਂ ਅਤੇ ਲਿਖਤੀ ਰੂਪ ਵਿਚ ਜਾਣਕਾਰੀ ਦਿੰਦੇ ਹੋਏ ਮੰਗਲ ਸਿੰਘ ਉਸਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਇਥੇ ਉਨ੍ਹਾਂ ਦੀ ਕੁਲ ਸਵਾ ਛੇ ਕਿੱਲੇ ਮਾਲਕੀ ਵਾਲੀ ਜ਼ਮੀਨ ਹੈ ਜੋ ਉਨ੍ਹਾਂ ਨੂੰ ਵਿਰਾਸਤੀ ਮਿਲੀ ਅਤੇ ਕੁਝ ਖਰੀਦੀ ਹੋਈ ਹੈ। ਇਸ ਵਿਚੋਂ ਦੋ ਕਿੱਲੇ ਜ਼ਮੀਨ ਉਪਰ ਅੱਜ ਸਵੇਰੇ ਉਕਤ ਵਿਅਕਤੀਆਂ ਨੇ ਪਿੰਡ ਦੇ ਕੁਝ ਲੋਕਾਂ ਦੀ ਮਦਦ ਨਾਲ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਪੁਲਸ ਚੌਕੀ ਖਡੂਰ ਸਾਹਿਬ ਵਿਖੇ ਸੂਚਨਾ ਦਿੱਤੀ ਪਰ ਪੁਲਸ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਮੌਕੇ ’ਤੇ ਪਹੁੰਚਣ ਵਿਚ ਕਾਫੀ ਸਮਾਂ ਲਾ ਦਿੱਤਾ। ਇੰਨੇ ਸਮੇਂ ਵਿਚ ਉਹ ਵਿਅਕਤੀ ਇਕ ਕਿੱਲੇ ਵਿਚ ਝੋਨਾ ਲਾ ਚੁੱਕੇ ਸਨ। ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਵੀ ਕੋਈ ਕਾਰਵਾਈ ਕਰਨ ਦੀ ਥਾਂ ’ਤੇ ਦੋਵਾਂ ਧਿਰਾਂ ਨੂੰ ਥਾਣੇ ਆ ਕੇ ਮਿਲਣ ਦਾ ਆਖਦਿਆਂ ਆਪਣਾ ਪੱਲਾ ਝਾਡ਼ ਲਿਆ।
ਇਸ ਮੌਕੇ ਮੰਗਲ ਸਿੰਘ ਅਤੇ ਸਵਰਨ ਸਿੰਘ ਨੇ ਦੱਸਿਆ ਕਿ ਸਾਡਾ ਉਕਤ ਵਿਅਕਤੀਆਂ ਨਾਲ ਜ਼ਮੀਨ ਦਾ ਮਾਮਲਾ ਅਦਾਲਤ ਵਿਚ ਵੀ ਚੱਲ ਰਿਹਾ ਹੈ, ਜਿਸ ਸਬੰਧੀ ਅਦਾਲਤ ਵੱਲੋਂ ਸਟੇਟਸਕੋ ਵੀ ਜਾਰੀ ਕੀਤਾ ਹੋਇਆ ਹੈ। ਇਸ ਜ਼ਮੀਨ ਦੀ ਗਿਰਦਾਵਰੀ ਅਤੇ ਹੋਰ ਕਾਗਜ਼ਾਤ ਵੀ ਸਾਡੇ ਨਾਂ ਉਪਰ ਹਨ। ਉਨ੍ਹਾਂ ਨੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਾਡੀ ਮਾਲਕੀ ਜ਼ਮੀਨ ਦੀ ਮਿਣਤੀ ਕਰ ਕੇ ਉਸ ਉਪਰ ਕਬਜ਼ਾ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਸਮੇਂ ਉਨ੍ਹਾਂ ਨਾਲ ਨਰਿੰਦਰ ਕੌਰ, ਮਲਕੀਤ ਸਿੰਘ, ਮੇਹਰ ਸਿੰਘ ਮੱਲ੍ਹਾ ਤੇ ਜਰਨੈਲ ਸਿੰਘ ਆਦਿ ਮੌਜੂਦ ਸਨ।
ਕੀ ਕਹਿਣੈ ਦੂਜੀ ਧਿਰ ਦਾ
ਇਸ ਸਬੰਧੀ ਦੂਜੀ ਧਿਰ ਦੇ ਗੁਰਮੀਤ ਸਿੰਘ ਤੇ ਜੋਗਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਮੀਨ 1971 ਵਿਚ ਸਾਡੇ ਬਜ਼ੁਰਗ ਗੁਰਨਾਮ ਸਿੰਘ ਨੇ ਸਾਡੀ ਭੂਆ ਕੋਲੋਂ ਖਰੀਦੀ ਸੀ, ਜਿਸਦੇ ਸਾਰੇ ਕਾਗਜ਼ਾਤ ਸਾਡੇ ਕੋਲ ਮੌਜੂਦ ਹਨ ਅਤੇ ਅਸੀਂ ਆਪਣੀ ਜ਼ਮੀਨ ਵਿਚ ਹੀ ਝੋਨਾ ਲਾਇਆ ਹੈ। ਇਸ ਮੌਕੇ ਪੁਲਸ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਬਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਧਿਰਾਂ ਨੂੰ ਆਪਣੇ ਕਾਗਜ਼ਾਤ ਲਿਆ ਕੇ ਪੇਸ਼ ਕਰਨ ਲਈ ਕਿਹਾ ਗਿਆ ਹੈ ਅਤੇ ਦੋਹਾਂ ਧਿਰਾਂ ਵਿਚੋਂ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਕਾਨੂੰਨ ਮੁਤਾਬਕ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।