ਖਨੌਰੀ ਬਾਰਡਰ 'ਤੇ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਕਿਸਾਨ ਆਗੂਆਂ ਨੇ ਵੀ ਤੇਜ਼ ਕੀਤਾ ਸੰਘਰਸ਼
Sunday, Nov 17, 2024 - 07:01 PM (IST)
ਜੈਤੋ (ਰਘੂਨੰਦਨ ਪਰਾਸ਼ਰ) : ਖਨੌਰੀ ਬਾਰਡਰ 'ਤੇ ਲੱਗੇ ਮੋਰਚੇ 'ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 15 ਤਾਰੀਖ਼ ਤੋਂ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਉਪਰੰਤ ਕਵੀਸ਼ਰੀ ਜਥਿਆਂ ਵੱਲੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ 'ਨਾਮ ਜਪੋ ਵੰਡ ਛਕੋ' ਅਤੇ 'ਹੱਥੀਂ ਕਿਰਤ ਕਰੋ' 'ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ 13 ਫਰਵਰੀ 2024 ਤੋਂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖਨੌਰੀ, ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ 'ਤੇ ਆਪਣੀਆ ਹੱਕੀਂ ਮੰਗਾਂ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ, ਕਿਸਾਨਾਂ-ਮਜ਼ਦੂਰਾਂ ਦੀ ਕੁੱਲ ਕਰਜ਼ਾ ਮੁਕਤੀ, ਸਵਾਮੀਨਾਥਨ ਕਮਿਸ਼ਨ ਦੇ C²+50 ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ, 2013 ਦਾ ਭੂਮੀ ਅਧਿਗ੍ਰਹਿਣ ਕਾਨੂੰਨ ਲਾਗੂ ਕਰਨ, ਮਨਰੇਗਾ ਮਜਦੂਰਾਂ ਨੂੰ ਸਾਲ ਵਿੱਚ 200 ਦਿਨ ਰੁਜ਼ਗਾਰ ਦੇਣ ਅਤੇ ਮਨਰੇਗਾ ਨੂੰ ਖੇਤੀ ਨਾਲ ਜੋੜਨ, ਮਸਾਲੇ ਕਮਿਸ਼ਨ ਦੇ ਗਠਨ ਸਮੇਤ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੰਦੋਲਨ ਲੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਅੰਦੋਲਨ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਹੀ ਸ਼ੁਰੂ ਕੀਤਾ ਗਿਆ ਹੈ, ਕਿਉਂਕਿ 2014 ਵਿੱਚ ਇਹ ਕੇਂਦਰ ਸਰਕਾਰ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਵਾਅਦੇ ਨਾਲ ਹੀ ਸੱਤਾ ਵਿੱਚ ਆਈ ਸੀ। ਉਸ ਤੋਂ ਬਾਅਦ 2018 ਵਿੱਚ ਵੀ ਇਸ ਸਰਕਾਰ ਵੱਲੋਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ C²+50 ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੌਰਾਨ ਵੀ ਇਸ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆ ਮੰਗਾਂ ਲਿਖਤ ਵਿੱਚ ਮੰਨੀਆਂ ਗਈਆਂ ਸਨ, ਪਰ ਕੇਂਦਰ ਸਰਕਾਰ ਆਪਣੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਮੁੱਕਰਦੀ ਹੋਈ ਅਤੇ ਆਪਣੀਆਂ ਮੰਨੀਆਂ ਹੋਈਆਂ ਉਨ੍ਹਾਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਦੇਣ ਲਈ ਹੀ ਸਾਜਿਸ਼ਾਂ ਰਚ ਰਹੀ ਹੈ।
ਇਹ ਵੀ ਪੜ੍ਹੋ- ਪ੍ਰਿੰਕਲ ਫਾਇ.ਰਿੰਗ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ ; ਵਾਰ.ਦਾਤ ਸਮੇਂ ਦੁਕਾਨ ਦੇ ਅੰਦਰ ਵੀ ਮੌਜੂਦ ਸੀ ਹਮ.ਲਾਵਰ
ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਸਵੈ-ਨਿਰਭਰ ਭਾਰਤ ਅਤੇ ਸਵਦੇਸ਼ੀ ਬਣਾਉਣ ਦਾ ਨਾਅਰਾ ਦਿੰਦੀ ਹੈ ਪਰ ਦੂਜੇ ਪਾਸੇ ਇਹ 1 ਲੱਖ 41 ਹਜ਼ਾਰ ਕਰੋੜ ਰੁਪਏ ਦੇ ਅਨਾਜ, ਤੇਲ ਅਤੇ 29 ਲੱਖ ਟਨ ਦਾਲਾਂ ਨੂੰ ਬਾਹਰੋਂ ਦਰਾਮਦ ਕਰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਦੀ ਆਰਥਿਕਤਾ ਦਾ ਪਹੀਆ ਵੀ ਤੇਜ਼ੀ ਨਾਲ ਚੱਲੇਗਾ ਅਤੇ ਕਿਸਾਨਾਂ ਨੂੰ ਜਦੋਂ ਉਨ੍ਹਾਂ ਦੀਆਂ ਸਾਰੀਆਂ ਫਸਲਾਂ ਦਾ ਭਾਅ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ C²+50 ਦੇ ਅਨੁਸਾਰ ਅਤੇ ਐੱਮ.ਐੱਸ.ਪੀ. ਦੇ ਗਾਰੰਟੀ ਕਾਨੂੰਨ ਦੇ ਅਨੁਸਾਰ ਮਿਲੇਗਾ ਤਾਂ ਕਿਸਾਨ ਵੀ ਉਨ੍ਹਾਂ ਫਸਲਾਂ ਨੂੰ ਬੀਜਣ ਲਈ ਤਰਜੀਹ ਦੇਵੇਗਾ ਜਿਨ੍ਹਾਂ ਫਸਲਾਂ ਨੂੰ ਸਰਕਾਰ ਵੱਲੋਂ ਹੁਣ ਬਾਹਰ ਤੋਂ ਮੰਗਵਾਇਆ ਜਾ ਰਿਹਾ ਹੈ।
ਇਸ ਮੌਕੇ ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ 13 ਫਰਵਰੀ ਤੋਂ ਆਪਣੀ ਹੱਕੀ ਮੰਗਾਂ ਲਈ ਬਾਰਡਰਾਂ ਉੱਪਰ ਲੜੇ ਜਾ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਦੇ ਹੋਏ 26 ਨਵੰਬਰ ਤੋਂ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਤੇ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ 'ਤੇ ਬੈਠਣਗੇ, ਤਾਂ ਜੋ ਹਰ ਇੱਕ ਗਰੀਬ ਦੇ ਚੁੱਲ੍ਹੇ 'ਤੇ ਰੋਟੀ ਪੱਕਦੀ ਰਹੇ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਸ਼ ਦੇ ਸਰਮਾਏ ਨੂੰ ਅਤੇ ਕਿਸਾਨਾਂ ਮਜ਼ਦੂਰਾਂ ਦੀ ਜਮੀਨਾਂ ਨੂੰ ਆਉਣ ਤੋਂ ਬਚਾਇਆ ਜਾ ਸਕੇ। ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਦੌਰਾਨ ਕੁੱਝ ਹੁੰਦਾ ਹੈ ਤਾਂ ਉਨ੍ਹਾਂ ਤੋਂ ਬਾਅਦ ਹੋਰ ਸੀਨੀਅਰ ਕਿਸਾਨ ਆਗੂ ਮਰਨ ਵਰਤ 'ਤੇ ਬੈਠੇਗਾ ਅਤੇ ਇਹ ਮਰਨ ਵਰਤ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ।
ਇਸ ਮੌਕੇ ਖਨੋਰੀ ਮੋਰਚੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਤੋਂ ਆਰੰਭ ਕੀਤੇ ਜਾ ਰਹੇ ਮਰਨ ਵਰਤ ਦੇ ਐਲਾਨ ਨੂੰ ਤਾਕਤ ਦਿੰਦਿਆਂ ਹੋਇਆਂ ਐੱਸ.ਕੇ.ਐੱਮ. ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ-ਮੋਰਚਾ ਅਤੇ ਸਮੂਹ ਸਾਧ-ਸੰਗਤ ਵੱਲੋ ਸਿਰੋਪਾਓ ਬਖਸ਼ਿਆ ਗਿਆ ਅਤੇ ਦੋਨੇਂ ਫਰਮਾ ਨੇ ਮੋਰਚੇ ਨੂੰ ਜਿੱਤਣ ਦਾ ਪ੍ਰਣ ਕੀਤਾ ਅਤੇ ਪੂਰੇ ਪੰਡਾਲ ਦੇ ਵਿੱਚ ਜੈਕਾਰਿਆਂ ਦੇ ਨਾਲ ਸੰਗਤ ਵੱਲੋਂ ਇਸ ਮੋਰਚੇ ਨੂੰ ਮਜ਼ਬੂਤੀ ਦੇਣ ਲਈ ਹੁੰਗਾਰਾ ਭਰਿਆ ਗਿਆ। ਆਗੂਆਂ ਨੇ ਕਿਸਾਨਾਂ ਅਤੇ ਮਜ਼ਦੂਰ ਵੀਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਡੀ ਗਿਣਤੀ ਵਿੱਚ ਵਹੀਰਾਂ ਘੱਤਦੇ ਹੋਏ ਖਨੌਰੀ ਮੋਰਚੇ 'ਤੇ ਪਹੁੰਚਣ ਤਾਂ ਜੋ ਹੱਕੀ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਆਪਣੀ ਜ਼ਿੰਦਗੀ ਦਾਅ 'ਤੇ ਲਗਾਉਣ ਵਾਲੇ ਜਗਜੀਤ ਸਿੰਘ ਡੱਲੇਵਾਲ ਦੀ ਤਾਕਤ ਬਣਿਆ ਜਾ ਸਕੇ। ਇਸ ਮੌਕੇ ਬਲਦੇਵ ਸਿੰਘ ਸਿਰਸਾ,ਸੁਰਜੀਤ ਸਿੰਘ ਫੂਲ, ਸੁਖਜੀਤ ਸਿੰਘ ਹਰਦੋਝੰਡੇ, ਲਖਵਿੰਦਰ ਸਿੰਘ ਔਲਖ ਹਰਿਆਣਾ, ਰਾਜ ਸਿੰਘ ਥੇੜੀ, ਸੁੱਚਾ ਸਿੰਘ ਲੱਧੂ, ਮੰਗਲ ਸਿੰਘ ਸੰਧੂ, ਬਚਿੱਤਰ ਸਿੰਘ ਕੋਟਲਾ, ਸੁਰਜੀਤ ਸਿੰਘ ਸਿੱਧੂਪੁਰ, ਤੇਜਵੀਰ ਸਿੰਘ, ਜੰਗਵੀਰ ਸਿੰਘ ਪਰਮਜੀਤ ਸਿੰਘ ਆਦਿ ਕਿਸਾਨ ਆਗੂਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e