ਬਰਸਾਤ ਨੇ ਦੂਜੀ ਵਾਰ ਝੰਬੇ ਮਿਰਚ ਉਤਪਾਦਕ, ਲੱਖਾਂ ਰੁਪਏ ਦੀ ਮਿਰਚ ਖਰਾਬ
Thursday, Jun 08, 2023 - 12:38 PM (IST)
ਤਲਵੰਡੀ ਭਾਈ (ਗੁਲਾਟੀ) : ਕੁਦਰਤੀ ਕਰੋਪੀ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਦਾ ਕਿਸਾਨ ਹਮੇਸ਼ਾ ਹੀ ਸ਼ਿਕਾਰ ਹੁੰਦਾ ਆ ਰਿਹਾ ਹੈ। ਇਸਦੀ ਮਿਸਾਲ ਉਦੋਂ ਮਿਲੀ, ਜਦੋਂ ਬੀਤੀ ਦੁਪਹਿਰ ਆਈ ਤੇਜ਼ ਬਰਸਾਤ ਕਾਰਨ ਸਥਾਨਕ ਸ਼ਹਿਰ ਦੀ ਦਾਣਾ ਮੰਡੀ ’ਚ ਸੁੱਕਣ ਲਈ ਪਾਈ ਲਾਲ ਮਿਰਚ ਦਾ ਭਾਰੀ ਨੁਕਸਾਨ ਹੋ ਗਿਆ। ਵੱਡੀ ਮਾਤਰਾ ’ਚ ਮਿਰਚਾਂ ਬਰਸਾਤੀ ਪਾਣੀ ’ਚ ਵਹਿ ਗਈਆਂ, ਜੋ ਸੜਕ ’ਤੇ ਤੈਰਦੀਆਂ ਦੇਖੀਆਂ ਗਈਆਂ। ਕੁਝ ਦਿਨ ਪਹਿਲਾਂ ਵੀ ਆਈ ਤੇਜ਼ ਹਨ੍ਹੇਰੀ ਕਾਰਨ ਵੱਡੀ ਮਾਤਰਾ ’ਚ ਮਿਰਚਾਂ ਦੂਰ-ਦੂਰ ਤੱਕ ਖੇਤਾਂ ’ਚ ਖਿੱਲਰ ਗਈਆਂ ਸਨ। ਮਿਰਚਾਂ ਦੀ ਰਾਖੀ ’ਤੇ ਬੈਠੇ ਕਿਸਾਨ ਸਾਵਨ ਸਿੰਘ ਨੇ ਦੱਸਿਆ ਕਿ 40-50 ਏਕੜ ’ਚ ਮਿਰਚਾਂ ਸੁੱਕਣ ਲਈ ਪਾਈਆਂ ਹੋਈਆਂ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਤੇਜ਼ ਹਨ੍ਹੇਰੀ ਅਤੇ ਬਰਸਾਤ ਕਾਰਨ ਉਨ੍ਹਾਂ ਦੀਆਂ ਕਰੀਬ 11-12 ਲੱਖ ਰੁਪਏ ਦੀਆਂ ਮਿਰਚਾਂ ਇਸ ਕੁਦਰਤੀ ਕਰੋਪੀ ਦੀ ਭੇਟ ਚੜ੍ਹ ਗਈਆਂ ਹਨ।
ਮਿਰਚਾਂ ਨੂੰ ਢਕਣ ਲਈ ਤਰਪਾਲ ਦਾ ਵੀ ਪ੍ਰਬੰਧ ਕੀਤਾ ਗਿਆ ਪਰ ਤੇਜ਼ ਹਨ੍ਹੇਰੀ ਅੱਗੇ ਸਭ ਕੁਝ ਬੇਵੱਸ ਹੈ।
ਇਹ ਵੀ ਪੜ੍ਹੋ : ਬਰਲਟਨ ਪਾਰਕ ਸਪੋਰਟਸ ਹੱਬ ਨੂੰ ਲੈ ਕੇ ਨਵੇਂ ਲੋਕਲ ਬਾਡੀਜ਼ ਮੰਤਰੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਮਾਨ ਸਰਕਾਰ ਮਦਦ ਲਈ ਅੱਗੇ ਆਵੇ : ਕਿਸਾਨ ਆਗੂ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਉਕਤ ਮਿਰਚ ਉਤਪਾਦਕ ਦਾ ਕੁਝ ਹੀ ਦਿਨਾਂ ’ਚ ਦੂਜੀ ਵਾਰ ਨੁਕਸਾਨ ਹੋ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਿਸਾਨਾਂ ਦੀ ਬਾਂਹ ਫੜ੍ਹੇ ਅਤੇ ਵੱਧ ਤੋਂ ਵੱਧ ਖਰਾਬ ਹੋਈ ਮਿਰਚ ਦਾ ਮੁਆਵਜ਼ਾ ਦੇਵੇ।
ਇਹ ਵੀ ਪੜ੍ਹੋ : ਅਮਰੀਕਾ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪ੍ਰਵਾਸੀ ਭਾਰਤੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਤੋਂ ਪ੍ਰਭਾਵਿਤ : ਗਿਲਜੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।