ਨਰਕ ਵਰਗਾ ਜੀਵਨ ਜਿਊਣ ਲਈ ਮਜਬੂਰ ਨੇ ਹਰਿਆਣਾ ਵਾਸੀ

11/22/2017 3:43:41 AM

ਹੁਸ਼ਿਆਰਪੁਰ, (ਰੱਤੀ)- ਕਸਬਾ ਹਰਿਆਣਾ ਦੇ ਵਾਸੀ ਪਿਛਲੇ ਕਾਫੀ ਸਮੇਂ ਤੋਂ ਨਗਰ ਕਂੌਸਲ ਦੀ ਨਜ਼ਰਅੰਦਾਜ਼ੀ ਕਾਰਨ ਨਰਕ ਵਰਗਾ ਜੀਵਨ ਜਿਊਣ ਲਈ ਮਜਬੂਰ ਹੋ ਰਹੇ ਹਨ। ਜੇਕਰ ਵਾਰਡ ਨੰ. 5 ਦੀ ਗੱਲ ਕਰੀਏ ਤਾਂ ਇਥੇ ਜਗ੍ਹਾ-ਜਗ੍ਹਾ 'ਤੇ ਗਾਰ ਤੇ ਗੰਦਗੀ ਦੇ ਢੇਰ ਤੇ ਲਬਾਲਬ ਭਰਿਆ ਨਾਲਾ ਵਾਰਡ ਵਾਸੀਆਂ ਦਾ ਮੂੰਹ ਚਿੜਾ ਰਿਹਾ ਹੈ। ਇਸ ਵਿਚੋਂ ਉੱਠਦੀ ਬਦਬੂ ਤੇ ਮੰਡਰਾਉਂਦੀਆਂ ਮੱਖੀਆਂ ਲੋਕਾਂ ਨੂੰ ਬੀਮਾਰੀਆਂ ਵੱਲ ਧੱਕ ਰਹੀਆਂ ਹਨ ਅਤੇ ਪ੍ਰਸ਼ਾਸਨ ਸਿਰਫ ਮੂਕਦਰਸ਼ਕ ਬਣਿਆ ਹੋਇਆ ਹੈ।
2 ਸਾਲਾਂ ਤੋਂ ਨਾਲਾ ਨਹੀਂ ਹੋਇਆ ਸਾਫ : ਗੌਰਤਲਬ ਹੈ ਕਿ ਇਥੇ ਕਸਬੇ ਦਾ ਮੁੱਖ ਨਾਲਾ ਸਥਿਤ ਹੈ, ਜਿੱਥੇ ਕਈ ਗਲੀਆਂ-ਮੁਹੱਲਿਆਂ ਦੇ ਗੰਦੇ ਪਾਣੀ ਦਾ ਨਿਕਾਸ ਹੁੰਦਾ ਹੈ ਤੇ ਉੱਥੇ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਹੁੰਦਾ ਹੈ। ਕੌਂਸਲਰ ਰਾਜੀਵ ਕਪਿਲਾ ਅਨੁਸਾਰ ਇਹ ਨਾਲਾ ਕਰੀਬ 2 ਸਾਲ ਤੋਂ ਸਾਫ ਨਹੀਂ ਕਰਵਾਇਆ ਗਿਆ, ਜਿਸ ਕਰ ਕੇ ਨਾਲਾ ਗਾਰ ਨਾਲ ਉੱਪਰ ਤੱਕ ਭਰ ਗਿਆ ਹੈ।
ਸਕੂਲ ਦੇ ਵਿਦਿਆਰਥੀ ਤੇ ਸਟਾਫ ਪ੍ਰੇਸ਼ਾਨ : ਵਾਰਡ ਨੰ. 5 'ਚ ਦੀਵਾਨ ਚਮਨ ਲਾਲ ਕਤਿਆਲ ਐੱਸ. ਡੀ. ਸਕੂਲ , ਜੋ ਨਾਲੇ ਦੇ ਕਿਨਾਰੇ 'ਤੇ ਸਥਿਤ ਹੈ, ਦੇ ਮੇਨ ਗੇਟ ਦੇ ਅੱਗੇ ਪਿਛਲੇ ਕਰੀਬ 5 ਦਿਨਾਂ ਤੋਂ ਨਾਲੇ ਦਾ ਪਾਣੀ ਵਹਿ ਰਿਹਾ ਹੈ। ਸਕੂਲ ਜਾਣ ਵਾਲੇ ਵਿਦਿਆਰਥੀ ਤੇ ਸਟਾਫ ਮੈਂਬਰ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ ਅਤੇ ਮਜਬੂਰਨ ਨਗਰ ਕੌਂਸਲ ਤੇ ਪ੍ਰਸ਼ਾਸਨ ਨੂੰ ਨਿੰਦ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਸਮੱਸਿਆ ਦਾ ਹੱਲ ਕਰੇ।
ਮੰਦਰ ਜਾਣ ਵਾਲੇ ਸ਼ਰਧਾਲੂ ਵੀ ਪ੍ਰੇਸ਼ਾਨ : ਵਾਰਡ ਨੰ. 5 ਜਿੱਥੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਹੈ, ਰੋਜ਼ਾਨਾ ਸੈਂਕੜੇ ਭਗਤ ਮੱਥਾ ਟੇਕਦੇ ਹਨ ਪਰ ਅਫਸੋਸ ਇਥੇ ਆਉਣ ਵਾਲਿਆਂ ਨੂੰ ਪਹਿਲਾਂ ਗੰਦੇ ਪਾਣੀ 'ਚੋਂ ਲੰਘ ਕੇ ਆਉਣਾ ਪੈਂਦਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਕਹਿੰਦੇ ਹਨ ਕੌਂਸਲਰ : ਸਮੱਸਿਆ ਬਾਰੇ ਜਦੋਂ ਮੌਜੂਦਾ ਕੌਂਸਲਰ ਰਾਜੀਵ ਕਪਿਲਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਈ. ਓ. ਅਤੇ ਉਪ ਪ੍ਰਧਾਨ ਨੂੰ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਪਰ ਮੇਰੇ ਵਾਰਡ ਨਾਲ ਨਗਰ ਕੌਂਸਲ ਮਤਰੇਆ ਸਲੂਕ ਕਰ ਰਹੀ ਹੈ।
ਕੀ ਕਹਿੰਦੇ ਹਨ ਈ. ਓ. : ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਰਾਮ ਪ੍ਰਕਾਸ਼ ਨੇ ਇਸ ਸਮੱਸਿਆ ਬਾਰੇ ਭਰੋਸਾ ਦਿੱਤਾ ਕਿ ਤੁਰੰਤ ਸਮੱਸਿਆ ਦਾ ਹੱਲ ਕਰਨ ਲਈ ਕਾਰਜ ਸ਼ੁਰੂ ਕੀਤੇ ਜਾਣਗੇ ਤਾਂ ਕਿ ਲੋਕਾਂ ਨੂੰ ਹੋਰ ਪ੍ਰੇਸ਼ਾਨੀ ਨਾ ਹੋਵੇ।


Related News