ਬਲੈਕਮੇਲਿੰਗ ਦੀ ਆੜ ''ਚ ਔਰਤ ਨਾਲ ਡੇਢ ਸਾਲ ਤਕ ਕਰਦਾ ਰਿਹਾ ਜਬਰ-ਜ਼ਨਾਹ
Tuesday, Mar 13, 2018 - 04:37 AM (IST)

ਚੰਡੀਗੜ੍ਹ, (ਸਾਜਨ)- ਜ਼ੀਰਕਪੁਰ ਦੇ ਐੱਮ. ਐੱਸ. ਇਨਕਲੇਵ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੀ ਇਕ ਔਰਤ ਨਾਲ ਵਿਨੋਦ ਨਾਂ ਦੇ ਵਿਅਕਤੀ ਨੇ ਪਹਿਲਾਂ ਜਬਰ-ਜ਼ਨਾਹ ਕੀਤਾ ਤੇ ਫਿਰ ਉਸ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਉਸ ਨੇ ਔਰਤ ਨੂੰ ਧਮਕਾਇਆ ਕਿ ਇਸ ਬਾਰੇ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਇਹ ਐੱਮ. ਐੱਮ. ਐੱਸ. ਇੰਟਰਨੈੱਟ 'ਤੇ ਵਾਇਰਲ ਕਰਕੇ ਉਸ ਨੂੰ ਬਦਨਾਮ ਕਰੇਗਾ। ਐੱਮ. ਐੱਮ. ਐੱਸ. ਦੀ ਆੜ 'ਚ ਇਹ ਵਿਅਕਤੀ ਉਸ ਨਾਲ ਡੇਢ ਸਾਲ ਤਕ ਬਲੈਕਮੇਲਿੰਗ ਕਰਕੇ ਜਬਰ-ਜ਼ਨਾਹ ਕਰਦਾ ਰਿਹਾ। ਇਸ ਦੀ ਸ਼ਿਕਾਇਤ ਪੁਲਸ ਦੇ ਕੋਲ ਵੀ ਪਹੁੰਚੀ ਪਰ ਉਹ ਨਹੀਂ ਰੁਕਿਆ, ਸਗੋਂ ਔਰਤ ਨੂੰ ਸ਼ਰੇਆਮ ਰਾਹ ਰੋਕ ਕੇ ਬੇਇੱਜ਼ਤ ਕਰਨ ਲੱਗਾ। ਔਰਤ ਦਾ ਦੋਸ਼ ਹੈ ਕਿ ਮੁਲਜ਼ਮ ਦਾ ਰਾਜਨੀਤਕ ਲੋਕਾਂ ਨਾਲ ਲਿੰਕ ਹੈ, ਜਿਸ ਕਾਰਨ ਪੁਲਸ ਉਸ 'ਤੇ ਹੱਥ ਨਹੀਂ ਪਾਉਂਦੀ। ਪੀੜਤ ਔਰਤ ਦੇ ਤਿੰਨ ਬੱਚੇ ਹਨ। ਮੁਲਜ਼ਮ ਦੇ ਡਰ ਕਾਰਨ ਅਨੁਸੂਚਿਤ ਜਾਤੀ ਦਾ ਇਹ ਪਰਿਵਾਰ ਬੀਤੇ ਕੁਝ ਮਹੀਨਿਆਂ ਵਿਚ ਹੀ ਤਿੰਨ ਮਕਾਨ ਬਦਲ ਚੁੱਕਿਆ ਹੈ, ਤਾਂ ਕਿ ਮੁਲਜ਼ਮ ਉਨ੍ਹਾਂ ਦੇ ਘਰ ਤਕ ਨਾ ਪਹੁੰਚ ਸਕੇ। ਪੀੜਤ ਔਰਤ ਤੇ ਉਸ ਦਾ ਪਤੀ ਪੁਲਸ ਦੇ ਕਈ ਅਫਸਰਾਂ ਕੋਲ ਗੁਹਾਰ ਲਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ, ਹਾਰ ਕੇ ਉਨ੍ਹਾਂ ਰਾਜ ਤੇ ਦੇਸ਼ ਦੇ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਵੀ ਗੁਹਾਰ ਲਾਈ ਹੈ।
ਐੱਮ. ਐੱਸ. ਇਨਕਲੇਵ ਵਿਚ ਰਹਿ ਰਹੇ ਰਾਜਸਥਾਨੀ (ਝੁਨਝੁਨ ਵਾਸੀ) ਪਰਿਵਾਰ ਦੇ ਮੁਖੀਆ ਨੇ ਦੱਸਿਆ ਕਿ ਵਿਨੋਦ ਸੈਣੀ ਨਾਮਕ ਵਿਅਕਤੀ ਉਨ੍ਹਾਂ ਦੇ ਗੁਆਂਢ ਵਿਚ ਹੀ ਰਹਿੰਦਾ ਸੀ। ਉਹ ਪੀੜਤ ਔਰਤ ਦੇ ਪਤੀ ਦਾ ਦੋਸਤ ਸੀ। ਵਿਨੋਦ ਦੀ ਇਥੇ ਦੁਕਾਨ ਸੀ। ਪੀੜਤਾ ਔਰਤ ਮੁਤਾਬਕ ਇਕ ਦਿਨ ਜਦ ਉਹ ਵਿਨੋਦ ਦੀ ਦੁਕਾਨ 'ਤੇ ਗਈ ਤਾਂ ਵਿਨੋਦ ਇਕੱਲਾ ਸੀ। ਵਿਨੋਦ ਨੇ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ ਤੇ ਗੰਨ ਪੁਆਇੰਟ 'ਤੇ ਉਸ ਨੂੰ ਕੋਈ ਦਵਾਈ ਦੇ ਦਿੱਤੀ, ਜਿਸ ਨਾਲ ਉਹ ਬੇਸੁੱਧ ਹੋ ਗਈ। ਇਸ ਤੋਂ ਬਾਅਦ ਵਿਨੋਦ ਨੇ ਉਸ ਨਾਲ ਰੇਪ ਕੀਤਾ ਤੇ ਉਸ ਦਾ ਐੱਮ. ਐੱਮ. ਐੱਸ. ਬਣਾ ਲਿਆ। ਇਸ ਨਾਲ ਉਹ ਡਰ ਗਈ ਤੇ ਉਸ ਨੇ ਕਿਸੇ ਨੂੰ ਨਹੀਂ ਦੱਸਿਆ। ਇਸ ਤੋਂ ਬਾਅਦ ਬਲੈਕਮੇਲਿੰਗ ਦਾ ਸਿਲਸਿਲਾ ਚੱਲ ਪਿਆ। ਜਦ ਵੀ ਔਰਤ ਦਾ ਪਤੀ ਘਰੋਂ ਬਾਹਰ ਹੁੰਦਾ ਤਾਂ ਵਿਨੋਦ ਉਸ ਨਾਲ ਜਬਰ-ਜ਼ਨਾਹ ਕਰਦਾ। ਇਸ ਕੰਮ ਵਿਚ ਹੋਰ ਲੋਕ ਵੀ ਉਸ ਦਾ ਸਾਥ ਦਿੰਦੇ ਰਹੇ। ਲਗਾਤਾਰ ਡੇਢ ਸਾਲ ਤਕ ਇਹ ਸਿਲਸਿਲਾ ਚੱਲਦਾ ਰਿਹਾ। ਪੀੜਤ ਔਰਤ ਮੁਤਾਬਕ ਮੁਲਜ਼ਮ ਵਿਨੋਦ ਤੇ ਉਸ ਦੇ ਪਰਿਵਾਰ ਨੇ ਗੋਲਡ ਰਿੰਗ, ਗੋਲਡ ਚੇਨ ਤੇ ਹਰ ਮਹੀਨੇ ਪੈਸੇ ਵੀ ਲੈਣੇ ਸ਼ੁਰੂ ਕਰ ਦਿੱਤੇ।
ਪ੍ਰੇਸ਼ਾਨ ਹੋ ਕੇ ਉਸ ਨੇ ਇਹ ਸਾਰੀ ਘਟਨਾ ਆਪਣੇ ਪਤੀ ਨੂੰ ਬਿਆਨ ਕੀਤੀ। ਉਹ ਪਤਨੀ ਦੇ ਨਾਲ ਜ਼ੀਰਕਪੁਰ ਪੁਲਸ ਸਟੇਸ਼ਨ ਪਹੁੰਚਿਆ ਤੇ ਲਿਖਤੀ ਸ਼ਿਕਾਇਤ ਦਿੱਤੀ, ਐੱਸ. ਐੱਚ. ਓ. ਨੇ ਨਾ ਤਾਂ ਮੈਡੀਕਲ ਕਰਵਾਇਆ ਤੇ ਨਾ ਹੀ ਐੱਫ. ਆਈ. ਆਰ. ਦਰਜ ਕੀਤੀ ਕਿਉਂਕਿ ਮੁਲਜ਼ਮ ਦੇ ਇਲਾਕੇ ਦੇ ਕਈ ਰਾਜਨੀਤਕ ਲੋਕਾਂ ਨਾਲ ਡੂੰਘੇ ਸਬੰਧ ਹਨ। 13 ਫਰਵਰੀ 2017 ਨੂੰ ਐੱਸ. ਐੱਸ. ਪੀ. ਮੋਹਾਲੀ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰ ਇਥੋਂ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਪੀੜਤ ਔਰਤ ਤੇ ਉਸ ਦਾ ਪਤੀ ਡੀ. ਜੀ. ਪੀ. ਨੂੰ ਸ਼ਿਕਾਇਤ ਦੇ ਕੇ ਆਏ ਪਰ ਇਥੋਂ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ।
ਪੀੜਤ ਔਰਤ ਨੇ ਦੱਸਿਆ ਕਿ 16 ਫਰਵਰੀ 2018 ਨੂੰ ਉਹ ਜੇ. ਪੀ. ਹਸਪਤਾਲ ਵਿਚ ਇਲਾਜ ਲਈ ਗਈ, ਜਦੋਂ ਕੈਮਿਸਟ ਤੋਂ ਉਹ ਦਵਾਈ ਲੈਣ ਜਾ ਰਹੀ ਸੀ ਤਾਂ ਮੁਲਜ਼ਮ ਵਿਨੋਦ ਉਸਦਾ ਪਿੱਛਾ ਕਰਦਾ ਹੋਇਆ ਪਹੁੰਚਿਆ ਤੇ ਉਸ ਦਾ ਹੱਥ ਫੜ ਕੇ ਉਸ ਨਾਲ ਕੁੱਟ-ਮਾਰ ਕੀਤੀ ਤੇ ਗਾਲੀ-ਗਲੋਚ ਕੀਤੀ। ਪੀੜਤਾ ਨੇ ਉਸੇ ਸਮੇਂ 100 ਨੰਬਰ 'ਤੇ ਕਾਲ ਕਰਕੇ ਮਦਦ ਮੰਗੀ ਪਰ 20-25 ਮਿੰਟਾਂ ਤਕ ਕੋਈ ਨਹੀਂ ਪਹੁੰਚਿਆ। ਬੂਟਾ ਸਿੰਘ ਨਾਮਕ ਏ. ਐੱਸ. ਆਈ. ਨੇ ਔਰਤ ਨੂੰ ਫੋਨ ਕਰਕੇ ਪੁਲਸ ਸਟੇਸ਼ਨ ਆਉਣ ਲਈ ਕਿਹਾ, ਉਥੇ ਉਸ ਨੇ ਸ਼ਿਕਾਇਤ ਦਿੱਤੀ। 16 ਫਰਵਰੀ 2018 ਨੂੰ ਪੀੜਤ ਔਰਤ ਨੇ ਐੱਸ. ਐੱਸ. ਪੀ. ਨੂੰ ਫਿਰ ਤੋਂ ਗੁਹਾਰ ਲਾਈ ਪਰ ਮੁਲਜ਼ਮ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਬੀਤੇ ਕੁਝ ਸਮੇਂ ਤੋਂ ਪੀੜਤ ਔਰਤ ਤੇ ਉਸਦਾ ਪਰਿਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਤਿੰਨ ਮਕਾਨ ਬਦਲ ਚੁੱਕਿਆ ਹੈ।
ਪੁਲਸ ਅਫਸਰ ਬੋਲੇ, ਮਾਮਲਾ ਜਾਣਕਾਰੀ ਵਿਚ ਨਹੀਂ
ਜ਼ੀਰਕਪੁਰ ਥਾਣੇ ਦੇ ਐੱਸ. ਐੱਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਉਨ੍ਹਾਂ ਦੀ ਜਾਣਕਾਰੀ ਵਿਚ ਨਹੀਂ ਹੈ। ਪੀੜਤ ਔਰਤ ਦੀ ਸ਼ਿਕਾਇਤ ਉਨ੍ਹਾਂ ਤਕ ਪਹੁੰਚੀ ਤਾਂ ਜ਼ਰੂਰ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਉਧਰ ਐੱਸ. ਐੱਸ. ਪੀ. ਕੁਲਦੀਪ ਚਹਿਲ ਨੇ ਕਿਹਾ ਕਿ ਉਨ੍ਹਾਂ ਕੋਲ ਕਾਫੀ ਸ਼ਿਕਾਇਤਾਂ ਆਉਂਦੀਆਂ ਹਨ, ਕਿਸੇ ਇਕ ਸ਼ਿਕਾਇਤ ਦੇ ਬਾਰੇ 'ਚ ਇਸ ਸਮੇਂ ਦੱਸ ਸਕਣਾ ਸੰਭਵ ਨਹੀਂ ਹੈ ਜੇਕਰ ਅਜਿਹਾ ਕੋਈ ਵੀ ਮਾਮਲਾ ਹੈ ਤਾਂ ਦੇਖਿਆ ਜਾਵੇਗਾ।