ਦਾਨੇਵਾਲਾ ਵਾਸੀਆਂ ਵੱਲੋਂ ਕਣਕ ਨਾ ਮਿਲਣ ਕਾਰਨ ਫੂਡ ਸਪਲਾਈ ਦਫਤਰ ਅੱਗੇ ਧਰਨਾ

Tuesday, Aug 07, 2018 - 03:59 AM (IST)

ਦਾਨੇਵਾਲਾ ਵਾਸੀਆਂ ਵੱਲੋਂ ਕਣਕ ਨਾ ਮਿਲਣ ਕਾਰਨ ਫੂਡ ਸਪਲਾਈ ਦਫਤਰ ਅੱਗੇ ਧਰਨਾ

 ਮਲੋਟ,  (ਜੱਜ)-  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਵਾਰ ਬਦਲਾਖੋਰੀ ਰਾਜਨੀਤੀ ਨਾ ਕਰਨ ਦੇ ਬਿਆਨ ਅਕਸਰ ਦਿੱਤੇ ਗਏ ਹਨ ਪਰ ਹੇਠਲੇ ਪੱਧਰ ’ਤੇ ਕਿਧਰੇ ਨਾ ਕਿਧਰੇ ਇਹ ਚੰਗਿਆੜੀ ਸੁਲਗ ਹੀ ਰਹੀ ਹੈ, ਜਿਸ ਦੀ ਤਾਜ਼ਾ ਉਦਾਹਰਨ ਉਦੋਂ ਦੇਖਣ ਨੂੰ ਮਿਲੀ, ਜਦੋਂ ਮਲੋਟ ਦੇ ਨੇੜਲੇ ਪਿੰਡ ਦਾਨੇਵਾਲਾ ਦੇ ਵਾਸੀਆਂ ਵੱਲੋਂ ਡਿਪੂ ਹੋਲਡਰ ਅਤੇ ਸਰਪੰਚ ਸਮੇਤ ਇੰਦੋਰਾ ਰੋਡ ’ਤੇ ਸਥਿਤ ਫੂਡ ਸਪਲਾਈ ਦਫਤਰ ਅੱਗੇ ਕਣਕ ਨਾ ਮਿਲਣ ਕਾਰਨ ਧਰਨਾ ਦਿੱਤਾ ਗਿਆ। 
ਧਰਨੇ ’ਤੇ ਮੌਜੂਦ ਪਿੰਡ ਦੇ ਸਰਪੰਚ ਸੁਖਪਾਲ ਸਿੰਘ, ਮੈਂਬਰ ਪੰਚਾਇਤ ਬਿੱਟੂ, ਰਾਜਪਲ ਤੇ ਮੇਜਰ ਸਿੰਘ ਸਮੇਤ ਬੂਟਾ ਸਿੰਘ, ਰਾਮ ਸਿੰਘ, ਅਮਰੀਕ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਕੌਰ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਡਿਪੂ ’ਤੇ ਕਣਕ ਨਹੀਂ ਵੰਡੀ ਜਾ ਰਹੀ ਹੈ। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਕ ਵਿਸ਼ੇਸ਼ ਕਿਸਮ ਦੀ ਤੋਲ ਮਸ਼ੀਨ ਡਿਪੂ ’ਤੇ ਭੇਜੀ ਜਾਂਦੀ ਹੈ, ਜਿਸ ਉਪਰੰਤ ਹੀ ਕਣਕ ਲਾਭਪਾਤਰੀਆਂ ਨੂੰ ਵੰਡੀ ਜਾਂਦੀ ਹੈ। ਪਿੰਡ ਦਾਨੇਵਾਲਾ ਵਿਖੇ ਤਿੰਨ ਦਿਨ ਲਈ ਮਸ਼ੀਨ ਦਿੱਤੀ ਜਾਣੀ ਸੀ ਪਰ ਸਿਰਫ ਤਿੰਨ ਘੰਟਿਅਾਂ ਵਿਚ ਹੀ ਮਸ਼ੀਨ ਵਾਪਸ ਮੰਗਵਾ ਲਈ ਗਈ, ਜਿਸ ਕਰ ਕੇ ਕੁਲ 500 ’ਚੋਂ 367 ਕੁਇੰਟਲ ਕਣਕ ਹੀ ਵੰਡੀ ਜਾ ਸਕੀ। ਸਰਪੰਚ ਸੁਖਪਾਲ ਸਿੰਘ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਰਾਜਨੀਤਕ ਦਬਾਅ ਕਰ ਕੇ ਪੱਖਪਾਤ ਕਰ ਰਹੇ ਹਨ। ਇਸ ਬਾਰੇ ਜਦੋਂ ਡੀ. ਐੱਫ. ਐੱਸ. ਓ. ਦੁਆਣ ਚੰਦ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਖਿਲਾਫ ਬਦਸਲੂਕੀ ਤੇ ਮੰਦੀ ਭਾਸ਼ਾ ਦੀਆਂ ਸ਼ਿਕਾਇਤਾਂ ਕਾਰਨ ਮਸ਼ੀਨ ਹਟਾਈ ਗਈ ਸੀ ਪਰ ਰਹਿੰਦੇ ਲਾਭਪਾਤਰੀਆਂ ਨੂੰ ਜਲਦ ਹੀ ਕਣਕ ਵੰਡ ਦਿੱਤੀ ਜਾਵੇਗੀ। 
 


Related News