ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ’ਚ ਛਾਪੇਮਾਰੀ, ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਰੇ ਸੈਂਪਲ

Saturday, Aug 08, 2026 - 08:37 AM (IST)

ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ’ਚ ਛਾਪੇਮਾਰੀ, ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਰੇ ਸੈਂਪਲ

ਫਗਵਾੜਾ (ਜਲੋਟਾ)-ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਦੀ ਨਿਗਰਾਨੀ ਹੇਠ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਫਗਵਾੜਾ ਵਿਖੇ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਆਰੀ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣਾ ਹੈ। ਚੈਕਿੰਗ ਦੌਰਾਨ ਫੂਡ ਸੇਫਟੀ ਵਿੰਗ ਦੀ ਟੀਮ ਨੇ ਫਗਵਾੜਾ ਸ਼ਹਿਰ ਤੋਂ ਛੋਲੇ-ਭਟੂਰਿਆਂ ਅਤੇ ਪਿੰਡ ਸਿਕਰੀ ਦੇ ਨੇੜਲੇ ਖੇਤਰਾਂ ’ਚ ਲੱਗਣ ਵਾਲੇ ਫੂਡ ਸਟਾਲਾਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਇਕੱਤਰ ਕੀਤੇ। ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਸੈਂਪਲ ਮੌਕੇ ’ਤੇ ਹੀ ਸੀਲ ਕਰਕੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ’ਚ ਭੇਜ ਦਿੱਤੇ ਗਏ ਹਨ। ਲੈਬਾਰਟਰੀ ਦੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਘਰ ਦੇ ਬਾਹਰ ਖੜ੍ਹੀ ਵਰਨਾ ਕਾਰ ਨੂੰ ਬਦਮਾਸ਼ਾਂ ਨੇ ਲਗਾਈ ਅੱਗ, CCTV 'ਚ ਕੈਦ ਹੋਈ ਵਾਰਦਾਤ

ਇਸ ਮੁਹਿੰਮ ਦੌਰਾਨ ਸਿਰਫ਼ ਦੁਕਾਨਾਂ ਦੀ ਚੈਕਿੰਗ ਹੀ ਨਹੀਂ ਕੀਤੀ ਗਈ, ਸਗੋਂ ਪਿੰਡ ਸਿਕਰੀ ਦੇ ਸਰਕਾਰੀ ਸਕੂਲ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਵੀ ਲਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਫਾਸਟ ਫੂਡ ਦੀ ਵਰਤੋਂ ਘੱਟ ਤੋਂ ਘੱਟ ਕਰਨ ਅਤੇ ਐਨਰਜੀ ਡਰਿੰਕਸ ਦੀ ਵਰਤੋਂ ਬਿਲਕੁਲ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਟੀਮ ਨੇ ਸਪੱਸ਼ਟ ਕੀਤਾ ਕਿ ਸਕੂਲਾਂ ਦੇ 50 ਮੀਟਰ ਅਤੇ ਪਿੰਡਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ’ਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਪਾਬੰਦੀ ਹੈ। ਇਸ ਸੂਚਨਾ ਤਹਿਤ ਚਲਾਏ ਗਏ ਇਸ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਦੀ ਅਗਵਾਈ ਡਾ. ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਵੱਲੋਂ ਕੀਤੀ ਗਈ, ਜਦਕਿ ਫੂਡ ਸੇਫਟੀ ਅਫ਼ਸਰ ਸ਼੍ਰੀਮਤੀ ਮਹਿਕ ਸੈਨੀ ਵੀ ਇਸ ਟੀਮ ’ਚ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਅਜਿਹੀਆਂ ਸਖ਼ਤ ਕਾਰਵਾਈਆਂ ਭਵਿੱਖ ’ਚ ਵੀ ਜਾਰੀ ਰਹਿਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News