1 ਲੱਖ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ : ਪੰਨੂ

Sunday, Feb 17, 2019 - 01:15 AM (IST)

1 ਲੱਖ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ : ਪੰਨੂ

ਚੰਡੀਗੜ੍ਹ— ਫੂਡ ਸੇਫਟੀ ਟੀਮਾਂ ਵਲੋਂ ਪਿਛਲੇ ਕੁਝ ਮਹੀਨਿਆਂ 'ਚ ਚਲਾਈ ਗਈ ਜਾਂਚ ਮੁਹਿੰਮ ਦੌਰਾਨ ਪਾਈਆਂ ਗਈਆਂ ਖਾਮੀਆਂ ਦੇ ਮੱਦੇਨਜ਼ਰ ਸੂਬੇ ਵਿਚਲੇ ਸਮੂਹ ਵੱਡੇ ਤੇ ਛੋਟੇ ਫੂਡ ਬਿਜ਼ਨੈੱਸ ਆਪ੍ਰੇਟਰਾਂ (ਐੱਫ. ਬੀ. ਓਜ਼) ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ ਪੰਜਾਬ ਕੇ. ਐੱਸ. ਪੰਨੂ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਜਾਂਚ ਮੁਹਿੰਮ ਦੌਰਾਨ ਇਹ ਦੇਖਿਆ ਗਿਆ ਕਿ ਫੂਡ ਬਿਜ਼ਨੈੱਸ ਆਪ੍ਰੇਟਰਾਂ ਵਲੋਂ ਜਾਣਬੁੱਝ ਕੇ ਜਾਂ ਅਣਜਾਣੇ 'ਚ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਨਿਯਮਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਭੋਜਨ ਦੇ ਮਿਆਰ ਨਾਲ ਸਮਝੌਤਾ ਸਿਹਤ ਨਾਲ ਸਬੰਧਤ ਇਕ ਗੰਭੀਰ ਮੁੱਦਾ ਹੈ, ਜਿਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਵਿਭਾਗ ਕੋਲ ਰਜਿਸਟਰਡ ਸਾਰੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਲਿਆ ਗਿਆ ਹੈ, ਜਿਸ 'ਚ 1 ਲੱਖ ਵੱਡੇ ਤੇ ਛੋਟੇ ਐੱਫ. ਬੀ. ਓਜ਼ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਸਿਖਲਾਈ ਦੌਰਾਨ ਭੋਜਨ ਪਕਾਉਣ ਸਬੰਧੀ ਨੁਕਤੇ, ਕੰਮ ਵਾਲੀ ਥਾਂ ਤੇ ਕਾਮਿਆਂ ਦੀ ਸਫ਼ਾਈ ਦੇ ਨਾਲ-ਨਾਲ ਐੱਫ. ਐੱਸ. ਐੱਸ. ਏ. ਆਈ. ਵਲੋਂ ਮਨਾਹੀ ਵਾਲੀ ਭੋਜਨ ਸਮੱਗਰੀ ਦੀ ਵਰਤੋਂ 'ਤੇ ਰੋਕ ਸਬੰਧੀ ਐੱਫ. ਬੀ. ਓਜ਼ ਨੂੰ ਜਾਣੂ ਕਰਵਾਇਆ ਜਾਵੇਗਾ। ਇਹ ਸਿਖਲਾਈ ਐੱਫ. ਐੱਸ. ਐੱਸ. ਏ. ਆਈ. ਕੋਲ ਟ੍ਰੇਨਿੰਗ ਪਾਰਟਨਰ ਵਜੋਂ ਰਜਿਸਟਰਡ ਸੰਸਥਾ ਵਲੋਂ ਦਿੱਤੀ ਜਾਵੇਗੀ। ਸਿਖਲਾਈ 'ਚ ਭਾਗ ਲੈਣਾ ਜਾਂ ਨਾ ਲੈਣਾ ਫੂਡ ਬਿਜ਼ਨੈੱਸ ਆਪ੍ਰੇਟਰ ਦੀ ਮਰਜ਼ੀ ਹੋਵੇਗੀ ਤੇ ਸਿਖਲਾਈ ਲਈ ਉਨ੍ਹਾਂ ਨੂੰ ਮਾਮੂਲੀ ਫੀਸ ਅਦਾ ਕਰਨੀ ਹੋਵੇਗੀ। ਇਹ ਸਿਖਲਾਈ ਬਾਜ਼ਾਰਾਂ ਤੇ ਸੜਕਾਂ ਕਿਨਾਰੇ ਫੂਡ/ਸਨੈਕਸ ਵੇਚਣ ਵਾਲੇ ਰੇਹੜੀ ਵਾਲਿਆਂ ਲਈ ਬਿਲਕੁਲ ਮੁਫ਼ਤ ਹੋਵੇਗੀ।


Related News