‘‘ਦਾਤਾ ਜੀ! ਮੇਹਰ ਕਰੋ......’’ ਬਿਜਲੀ ਬੰਦ ਹੋਣ ਕਾਰਨ ਰੋਟੀ, ਪਾਣੀ ਤੇ ਸਿਹਤ ਸਹੂਲਤਾਂ ਨੂੰ ਤਰਸੇ ਹੜ੍ਹ ਪੀੜਤ

Tuesday, Sep 02, 2025 - 01:32 AM (IST)

‘‘ਦਾਤਾ ਜੀ! ਮੇਹਰ ਕਰੋ......’’ ਬਿਜਲੀ ਬੰਦ ਹੋਣ ਕਾਰਨ ਰੋਟੀ, ਪਾਣੀ ਤੇ ਸਿਹਤ ਸਹੂਲਤਾਂ ਨੂੰ ਤਰਸੇ ਹੜ੍ਹ ਪੀੜਤ

ਫਤਿਹਗੜ੍ਹ ਚੂੜੀਆਂ (ਸਾਰੰਗਲ) - ‘‘ਦਾਤਾ ਜੀ! ਮੇਹਰ ਕਰੋ.... ਸ਼ਾਇਦ ਇਹੀ ਪੁਕਾਰ ਕਰ ਰਹੇ ਹਨ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕ। ਜੀ ਹਾਂ! ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੰਤਰ ਰਾਸ਼ਟਰੀ ਹਿੰਦ-ਪਾਕਿ ਸਰਹੱਦ ’ਤੇ ਸਥਿਤ ਰਾਵੀ ਦਰਿਆ ਦੇ ਨਾਲ ਲੱਗਦੇ ਕਸਬਾ ਰਮਦਾਸ ਅਧੀਨ ਆਉਂਦੇ ਸਰਹੱਦੀ ਪਿੰਡਾਂ ਦੀ, ਜਿਥੇ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਅਤੇ ਦਰਿਆਵਾਂ ਦੇ ਪਾਣੀ ਦੇ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਆਉਣ ਕਰਕੇ ਵੱਡੀ ਗਿਣਤੀ ਵਿਚ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ, ਜਿਸ ਨਾਲ ਇਥੋਂ ਦੇ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਆਮ ਆਦਮੀ ਪਾਰਟੀ ਸਮੇਤ ਬਾਕੀ ਰਾਸ਼ਟਰੀ ਸਿਆਸੀ ਪਾਰਟੀਆਂ ਦੇ ਰਾਜਨੇਤਾ ਕਰਕੇ ਮੀਡੀਆ ਦੇ ਮੂਹਰੇ ਹੜ੍ਹ ਪੀੜਤਾਂ ਨੂੰ ਧਰਵਾਸ ਦਿੰਦੇ ਹੋਏ ਸਰਕਾਰ ਵਲੋਂ ਬਣਦੀ ਮਦਦ ਦਿਵਾਉਣ ਦਾ ਰਾਗ ਅਲਾਪਦੇ ਸਹਿਜੇ ਹੀ ਨਜ਼ਰ ਆ ਰਹੇ ਹਨ।

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੜ੍ਹ ਪੀੜਿਤ ਪਰਿਵਾਰਾਂ ਨੂੰ ਰਾਹਤ ਸਮਗਰੀ ਵੰਡ ਕੇ ਦਿਨ ਰਾਤ ਮਦਦ ਕਰ ਰਹੇ ਹਨ ਪਰ ਅਜੇ ਵੀ ਕਈ ਅਜਿਹੇ ਹੜ੍ਹ ਪ੍ਰਭਾਵਿਤ ਪਿੰਡ ਹਨ, ਜਿਥੇ ਰਹਿਣ ਵਾਲੇ ਲੋਕਾਂ ਨੂੰ ਕੋਈ ਵੀ ਬੁਨਿਆਦੀ ਸਹੂਲਤ ਨਹੀਂ ਪਹੁੰਚ ਸਕੀ, ਜਿਸ ਕਾਰਨ ਬਿਜਲੀ ਬੰਦ ਰਹਿਣ ਦੇ ਨਾਲ-ਨਾਲ ਹੜ੍ਹ ਪੀੜਤਾਂ ਨੂੰ ਰੋਟੀ, ਪੀਣ ਵਾਲੇ ਪਾਣੀ ਤੇ ਸਿਹਤ ਸਹੂਲਤਾਂ ਨੂੰ ਵੀ ਤਰਸਣਾ ਪੈ ਰਿਹਾ ਹੈ ਕਿਉਂਕਿ ਹੜ੍ਹ ਦੀ ਮਾਰ ਨੇ ਪਿੰਡਾਂ ਦੇ ਲੋਕਾਂ ਨੂੰ ਅਜਿਹੀ ਮਾਰ ਮਾਰੀ ਹੈ ਕਿ ਪਿੰਡਾਂ ਦੀ ਹਾਲਤ ਦੇਖ ਕੇ ਆਮ ਵਿਅਕਤੀ ਦੇ ਅੱਖਾਂ ਵਿਚੋਂ ਹੰਝੂ ਡਿੱਗ ਪੈਂਦ। ਹਨ।

ਪਿੰਡਾਂ ਵਿਚ ਰਹਿੰਦੇ ਪਰਿਵਾਰਾਂ ਦੇ ਛੋਟੇ-ਛੋਟੇ ਬੱਚੇ ਭੁੱਖਮਰੀ ਦਾ ਸ਼ਿਕਾਰ ਰਹੇ ਹਨ ਜਦਕਿ ਹੜ ਨਾਲ ਪ੍ਰਭਾਵਿਤ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਪਹਿਲਾਂ ਤੋਂ ਹਾਲਾਤ ਬਾਰੇ ਪਤਾ ਹੋਣ ਦੇ ਬਾਵਜੂਦ ਹੜ੍ਹਾਂ ਦੀ ਮਾਰ ਤੋਂ ਪਿੰਡਾਂ ਨੂੰ ਬਚਾਉਣ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤਾ। ਅੱਜ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਕੇ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।

ਅੱਜ ਜਦੋਂ ਜਗ ਬਾਣੀ ਦੀ ਟੀਮ ਵਲੋਂ ਕਸਬਾ ਰਮਦਾਸ ਦੇ ਆਸ-ਪਾਸ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਕਈ ਲੋਕਾਂ ਨੇ ਕਿਹਾ ਕਿ ਚਾਹੇ ਲੰਗਰ ਅਤੇ ਪੀਣ ਵਾਲਾ ਪਾਣੀ ਵਗੈਰਾ ਆਮ ਜਨਤਾ ਵਲੋਂ ਰੋਜ਼ਾਨਾ ਉਨ੍ਹਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਜੇਕਰ ਜਲਦ ਇਸ ਇਲਾਕੇ ਵਿੱਚ ਸਰਕਾਰ ਵੱਲੋਂ ਦਵਾਈਆਂ ਦਾ ਪ੍ਰਬੰਧ ਨਾ ਕੀਤਾ ਤਾਂ ਇਥੇ ਚਮੜੀ ਤੇ ਅੱਖਾਂ ਦੀ ਬਿਮਾਰੀਆਂ ਜਲਦ ਫੈਲਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਦੇਖਣਾ ਹੋਵੇਗਾ ਕਿ ਆਖਰ ਕਦ ਤੱਕ ਕੁਦਰਤ ਆਪਣਾ ਕਹਿਰ ਹੜ੍ਹਾਂ ਦੇ ਮਾਰ ਦੇ ਰੂਪ ਵਿਚ ਇਨ੍ਹਾਂ ਸਰਹੱਦੀ ਪਿੰਡਾਂ ’ਤੇ ਵਰ੍ਹਾਉਂਦੀ ਹੈ।
 


author

Inder Prajapati

Content Editor

Related News