ਬਿਜਲੀ ਮੀਟਰ ਕੱਟਣ ਦੇ ਰੋਸ ਵਜੋਂ JE ‘ਤੇ ਹਮਲਾ, ਤੇਜ਼ਧਾਰ ਹਥਿਆਰ ਨਾਲ ਅਣਪਛਾਤਿਆਂ ਨੇ ਕੀਤਾ ਜ਼ਖਮੀ
Tuesday, Mar 10, 2026 - 02:08 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬਿਜਲੀ ਵਿਭਾਗ ਦੇ ਇੱਕ ਜੇ.ਈ. ‘ਤੇ ਅੱਜ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਉਸਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਗਿਆ। ਜੇ.ਈ. ਨੇ ਇਸ ਸਬੰਧੀ ਥਾਣਾ ਦੀਨਾਨਗਰ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਹਮਲੇ ਦਾ ਸ਼ਿਕਾਰ ਹੋਏ ਜੇ.ਈ. ਬਲਬੀਰ ਸਿੰਘ, ਜੋ ਦੀਨਾਨਗਰ ਸ਼ਹਿਰ ਦੀ ਇੰਦਰਾ ਕਾਲੋਨੀ ਦੇ ਵਸਨੀਕ ਹਨ, ਇਸ ਵੇਲੇ ਸਬ ਡਵੀਜ਼ਨ ਪੰਡੋਰੀ ਮਹੰਤਾਂ ਵਿੱਚ ਤਾਇਨਾਤ ਹਨ। ਉਨ੍ਹਾਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਆਪਣੀ ਆਲਟੋ ਕਾਰ ਵਿੱਚ ਡਿਊਟੀ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਜ਼ਰੂਰੀ ਫ਼ੋਨ ਆਉਣ ਕਾਰਨ ਉਹ ਪਿੰਡ ਹੇਮਰਾਜਪੁਰ ਨੇੜੇ ਗੱਡੀ ਰੋਕ ਕੇ ਗੱਲ ਕਰਨ ਲੱਗ ਪਏ।
ਇਹ ਵੀ ਪੜ੍ਹੋ- ਜਾਮ ਹੋ ਗਿਆ ਪੰਜਾਬ ਦਾ ਇਹ ਨੈਸ਼ਨਲ ਹਾਈਵੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ
ਇਸ ਦੌਰਾਨ ਇੱਕ ਨੌਜਵਾਨ ਉਨ੍ਹਾਂ ਕੋਲ ਆਇਆ ਅਤੇ ਪੁੱਛਣ ਲੱਗਾ ਕਿ ਕੀ ਤੁਸੀਂ ਹੀ ਇਸ ਇਲਾਕੇ ਦੇ ਜੇ.ਈ. ਹੋ ਅਤੇ ਕੀ ਇਹ ਪਿੰਡ ਤੁਹਾਡੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਜੇ.ਈ. ਮੁਤਾਬਕ ਜਦੋਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤਾਂ ਉਹ ਨੌਜਵਾਨ ਮੰਦਾ ਬੋਲਣ ਲੱਗਾ ਅਤੇ ਕਹਿਣ ਲੱਗਾ ਕਿ ਜਦੋਂ ਸਰਕਾਰ ਨੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਹੋਏ ਹਨ ਤਾਂ ਫਿਰ ਬਿਜਲੀ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਬਿੱਲ ਨਾ ਭਰਨ ਕਾਰਨ ਕਿਉਂ ਤੰਗ-ਪਰੇਸ਼ਾਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੁਨੈਕਸ਼ਨ ਕਿਉਂ ਕੱਟ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ ਤਾਪਮਾਨ, ਪੜ੍ਹੋ ਤਾਜ਼ਾ ਜਾਣਕਾਰੀ
ਜੇ.ਈ. ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੌਜਵਾਨ ਨੂੰ ਦਫ਼ਤਰ ਆ ਕੇ ਗੱਲ ਕਰਨ ਲਈ ਕਿਹਾ ਅਤੇ ਸਮਝਾਇਆ ਕਿ ਬਿਜਲੀ ਮੀਟਰ ਸਿਰਫ਼ ਡਿਫਾਲਟਰ ਕੇਸਾਂ ਵਾਲਿਆਂ ਦੇ ਹੀ ਕੱਟੇ ਜਾ ਰਹੇ ਹਨ। ਇਸ ‘ਤੇ ਉਹ ਨੌਜਵਾਨ ਗਾਲ੍ਹਾਂ ਕੱਢਣ ਲੱਗ ਪਿਆ ਅਤੇ ਉਸਨੇ ਕਿਸੇ ਤਿੱਖੀ ਚੀਜ਼ ਨਾਲ ਉਨ੍ਹਾਂ ‘ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਗੱਡੀ ਵਿੱਚੋਂ ਬਾਹਰ ਆਏ ਤਾਂ ਦੋਨਾਂ ਵਿਚਾਲੇ ਹੱਥਾਪਾਈ ਹੋ ਗਈ। ਇਸ ਦੌਰਾਨ ਮੋਟਰਸਾਈਕਲ ‘ਤੇ ਆਏ ਦੋ ਹੋਰ ਨੌਜਵਾਨਾਂ ਨੇ ਪਿੱਛੋਂ ਉਨ੍ਹਾਂ ਦੇ ਸਿਰ ‘ਤੇ ਕੋਈ ਚੀਜ਼ ਮਾਰ ਦਿੱਤੀ, ਜਿਸ ਨਾਲ ਉਹਨਾਂ ਦਾ ਸਿਰ ਚੱਕਰਾਉਣ ਲੱਗ ਪਿਆ। ਬਾਅਦ ਵਿੱਚ ਤਿੰਨਾਂ ਨੇ ਮਿਲ ਕੇ ਉਨ੍ਹਾਂ ਦੀ ਹੋਰ ਕੁੱਟਮਾਰ ਕੀਤੀ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ
ਜੇ.ਈ. ਬਲਬੀਰ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਹੋਸ਼ ਸੰਭਾਲਿਆ ਤਾਂ ਉਨ੍ਹਾਂ ਨੇ ਫ਼ੋਨ ਕਰਕੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਸੂਚਿਤ ਕੀਤਾ, ਜੋ ਮਦਦ ਲਈ ਮੌਕੇ ‘ਤੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਥਾਣਾ ਦੀਨਾਨਗਰ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਅਣਪਛਾਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
