ਪੰਜਾਬ ਅੰਦਰ ਸੈਮੀ ਕੰਡਕਟਰ ਪਲਾਂਟ ਨਾਲ ਰੋਜ਼ਗਾਰ ਅਤੇ ਤਰੱਕੀ ਦਾ ਨਵਾਂ ਦੌਰ : ਨਕੱਈ
Friday, Aug 15, 2025 - 11:26 AM (IST)

ਮਾਨਸਾ (ਸੰਦੀਪ ਮਿੱਤਲ) : ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਮੋਹਾਲੀ ਸ਼ਹਿਰ ਵਿਚ ਲਗਾਇਆ ਜਾ ਰਿਹਾ ਸੈਮੀ ਕੰਡਕਟਰ ਪਲਾਂਟ ਸੂਬੇ ਲਈ ਰੋਜ਼ਗਾਰ ਅਤੇ ਆਰਥਿਕ ਤਰੱਕੀ ਦਾ ਵੱਡਾ ਕੇਂਦਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਧਿਰਾਂ ਵੱਲੋਂ ਇਹ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਪ੍ਰਤੀ ਈਰਖਾ ਰੱਖਦੀ ਹੈ। ਹਕੀਕਤ ਇਸਦੇ ਬਿਲਕੁਲ ਉਲਟ ਹੈ ਨਕੱਈ ਨੇ ਕਿਹਾ ਮੋਦੀ ਸਰਕਾਰ ਨੇ ਪੰਜਾਬ ਲਈ ਉਨ੍ਹਾਂ ਯੋਜਨਾਵਾਂ ਦੀ ਚੋਣ ਕੀਤੀ ਹੈ ਜਿਹੜੀਆਂ ਸੂਬੇ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਸੈਮੀ ਕੰਡਕਟਰ ਪਲਾਂਟ ਦੇ ਅਧੀਨ ਇਲੈਕਟ੍ਰੋਨਿਕ ਉਤਪਾਦ, ਚਿੱਪ, ਮਾਈਕ੍ਰੋ ਪ੍ਰੋਸੈਸਰ ਆਦਿ ਤਿਆਰ ਕੀਤੇ ਜਾਣਗੇ। ਇਹ ਤਕਨੀਕੀ ਖੇਤਰ ਨਾਲ ਜੁੜੇ ਨੌਜਵਾਨਾਂ ਲਈ ਸੋਨੇ ਦਾ ਮੌਕਾ ਹੋਵੇਗਾ। ਹਜ਼ਾਰਾਂ ਡਾਇਰੈਕਟ ਅਤੇ ਇਨਡਾਇਰੈਕਟ ਰੋਜ਼ਗਾਰ ਦੇ ਮੌਕੇ ਬਣਨਗੇ। ਇਸ ਦੇ ਨਾਲ ਹੀ ਪੰਜਾਬ ਦੇ ਕਈ ਯੂਨੀਵਰਸਿਟੀਆਂ ਅਤੇ ਟੈਕਨੀਕਲ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਇਹ ਪਲਾਂਟ ਪ੍ਰੈਕਟੀਕਲ ਟ੍ਰੇਨਿੰਗ ਅਤੇ ਇੰਡਸਟਰੀ ਐਕਸਪੋਜ਼ਰ ਦਾ ਸਭ ਤੋਂ ਵੱਡਾ ਕੇਂਦਰ ਬਣੇਗਾ। ਪੰਜਾਬ ਦਾ ਟੈਲੈਂਟ ਹੁਣ ਆਪਣੇ ਹੀ ਸੂਬੇ ਵਿਚ ਵਰਤਿਆ ਜਾਵੇਗਾ, ਬਾਹਰ ਜਾਣ ਦੀ ਲੋੜ ਘੱਟ ਹੋਵੇਗੀ, ਮੋਦੀ ਸਰਕਾਰ ਨੇ ਮੋਹਾਲੀ ਨੂੰ ਇਸ ਵੱਡੇ ਪ੍ਰਾਜੈਕਟ ਲਈ ਚੁਣ ਕੇ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਨੀਤੀ ਸਾਰੇ ਰਾਜਾਂ ਦੇ ਸੰਤੁਲਿਤ ਵਿਕਾਸ ਵੱਲ ਹੈ।
ਜੇਕਰ ਕੇਂਦਰ ਸਰਕਾਰ ਪੰਜਾਬ ਵਿਰੋਧੀ ਹੁੰਦੀ, ਤਾਂ ਇਹ ਪ੍ਰਾਜੈਕਟ ਕਿਸੇ ਹੋਰ ਰਾਜ ਵਿਚ ਭੇਜਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ, ਬਲਕਿ ਪੰਜਾਬ ਦੀ ਤਰੱਕੀ ਲਈ ਇਹ ਮਹੱਤਵਪੂਰਨ ਕਦਮ ਚੁੱਕਿਆ ਗਿਆ। ਨਕੱਈ ਨੇ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਿਰਫ ਰਾਜਨੀਤਿਕ ਲਾਭ ਲਈ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਹਨ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਹੈ, ਉਹ ਵਿਕਾਸ ਦੇ ਪ੍ਰਾਜੈਕਟਾਂ ਦਾ ਸਵਾਗਤ ਕਰਨਗੇ, ਨਾ ਕਿ ਉਨ੍ਹਾਂ ਨੂੰ ਰਾਜਨੀਤੀ ਦੀ ਭੇਟ ਚੜ੍ਹਾਉਣਗੇ ਅਤੇ ਇਹ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਿਹਾ ਇਹ ਸੈਮੀ ਕੰਡਕਟਰ ਪਲਾਂਟ ਪੰਜਾਬ ਦੇ ਉਦਯੋਗੀ ਨਕਸ਼ੇ ਨੂੰ ਬਦਲੇਗਾ। ਇਲੈਕਟ੍ਰੋਨਿਕ ਮੈਨੂਫੈਕਚਰਿੰਗ ਨਾਲ ਜੁੜੀਆਂ ਛੋਟੀਆਂ ਤੇ ਦਰਮਿਆਨੇ ਪੱਧਰ ਦੀਆਂ ਯੂਨਿਟਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਸਪਲਾਈ ਚੇਨ ਅਤੇ ਸਹਾਇਕ ਉਦਯੋਗਾਂ ਦੇ ਵਧਣ ਨਾਲ ਸੂਬੇ ਦੀ ਆਰਥਿਕਤਾ ’ਚ ਨਵੀਂ ਤਾਜ਼ਗੀ ਆਵੇਗੀ। ਉਨ੍ਹਾਂ ਕਿਹਾ ਕਿ ਇਹ ਪਲਾਂਟ ਸਿਰਫ ਇਕ ਉਦਯੋਗਿਕ ਯੂਨਿਟ ਨਹੀਂ, ਸਗੋਂ ਪੰਜਾਬ ਦੇ ਆਧੁਨਿਕ ਭਵਿੱਖ ਵੱਲ ਲੈ ਜਾਣ ਵਾਲਾ ਇਕ ਮੀਲ ਪੱਥਰ ਹੈ।