ਬਲੈਕ ਸਿਲੰਡਰਾਂ ਦਾ ਕਾਲਾ ਖੇਡ, ਖ਼ਤਰੇ ''ਚ ਲੋਕਾਂ ਦੀ ਜਾਨ, ਪੜ੍ਹੋ ਪੂਰੀ ਖ਼ਬਰ
Friday, Aug 29, 2025 - 03:21 PM (IST)

ਗੋਨਿਆਣਾ ਮੰਡੀ (ਗੋਰਾ ਲਾਲ) : ਗੋਨਿਆਣਾ ਮੰਡੀ ਅਤੇ ਆਸ-ਪਾਸ ਦੇ ਪਿੰਡਾਂ 'ਚ ਸਿਲੰਡਰ ਬਲੈਕ ਦਾ ਖੇਡ ਇਸ ਕਦਰ ਬੇਰੋਕ-ਟੋਕ ਚੱਲ ਰਿਹਾ ਹੈ ਕਿ ਲੋਕਾਂ ਦੀ ਜਾਨ ਹਰ ਵੇਲੇ ਖ਼ਤਰੇ 'ਚ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਹਿਕਮੇ ਦੇ ਅਧਿਕਾਰੀ ਇਸ ਸਾਰੀ ਸਥਿਤੀ ਨੂੰ ਦੇਖ ਕੇ ਵੀ ਅੱਖਾਂ ਬੰਦ ਕਰਕੇ ਬੈਠੇ ਹਨ। ਪਿੰਡਾਂ 'ਚ ਅਨੇਕਾਂ ਦੁਕਾਨਾਂ ਦੇ ਪਿਛਲੇ ਹਿੱਸਿਆਂ 'ਚ 30-30 ਅਤੇ 40-40 ਸਿਲੰਡਰ ਬਲੈਕ 'ਚ ਵੇਚਣ ਲਈ ਰੱਖੇ ਹੁੰਦੇ ਹਨ। ਨਾ ਸਿਰਫ ਇਹ ਸਿਲੰਡਰ ਬਲੈਕ 'ਚ ਵਿਕ ਰਹੇ ਹਨ, ਸਗੋਂ ਕਈ ਲੋਕ ਇਨ੍ਹਾਂ 'ਚੋਂ ਗੈਸ ਕੱਢ ਕੇ ਹੋਰ ਥਾਵਾਂ ‘ਤੇ ਵੀ ਵੇਚ ਰਹੇ ਹਨ। ਇਹ ਕਾਰੋਬਾਰ ਕਿਸੇ ਇੱਕ-ਅੱਧੇ ਇਨਸਾਨ ਦਾ ਨਹੀਂ, ਸਗੋਂ ਇੱਕ ਜਾਲ ਹੈ, ਜੋ ਸਪਲਾਈ ਏਜੰਸੀਆਂ ਤੋਂ ਲੈ ਕੇ ਛੋਟੇ ਵਪਾਰੀਆਂ ਤੱਕ ਫੈਲਿਆ ਹੋਇਆ ਹੈ।
ਜੇਕਰ ਗੋਨਿਆਣਾ ਮੰਡੀ ਅਤੇ ਇਸ ਦੇ ਨਜ਼ਦੀਕੀ ਇਲਾਕਿਆਂ ਦੀ ਗੱਲ ਕਰੀਏ ਤਾਂ ਕਰੀਬ ਹਰ ਹਲਵਾਈ ਦੀ ਦੁਕਾਨ, ਹਰ ਰੈਸਟੋਰੈਂਟ, ਹਰ ਪੈਲਸ ਅਤੇ ਹੋਟਲਾਂ 'ਚ ਕਮਰਸ਼ੀਅਲ ਸਿਲੰਡਰ ਛੱਡ ਕੇ ਘਰੇਲੂ ਸਿਲੰਡਰ ਹੀ ਵਰਤੇ ਜਾ ਰਹੇ ਹਨ। ਹੋਰ ਤਾਂ ਹੋਰ ਕਰੀਬ ਸਾਰੇ ਸਕੂਲਾਂ 'ਚ ਮਿਡ-ਡੇਅ- ਮੀਲ ਦਾ ਜੋ ਖਾਣਾ ਬਣਦਾ ਹੈ, ਉਹ ਵੀ ਘਰੇਲੂ ਸਿਲੰਡਰ ਦੀ ਹੀ ਵਰਤੋਂ ਕਰਦੇ ਹਨ। ਕਾਨੂੰਨ ਅਨੁਸਾਰ ਇਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ ਕਿਉਂਕਿ ਕਾਰੋਬਾਰੀ ਕੰਮਾਂ ਲਈ ਸਿਰਫ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਹੋਣੀ ਚਾਹੀਦੀ ਹੈ ਪਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਘਰੇਲੂ ਸਿਲੰਡਰਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ। ਸਿਰਫ ਰੈਸਟੋਰੈਂਟ ਅਤੇ ਹੋਟਲਾਂ ਹੀ ਨਹੀਂ, ਹਰ ਗਲੀ-ਨੁੱਕਰ ‘ਤੇ ਲੱਗੀਆਂ ਰੇੜੀਆਂ 'ਤੇ ਵੀ ਘਰੇਲੂ ਸਿਲੰਡਰਾਂ ਨਾਲ ਬੇਧੜਕ ਖਾਣਾ ਬਣਾਇਆ ਜਾਂਦਾ ਹੈ। ਅਜਿਹੇ 'ਚ ਕਿਸੇ ਵੀ ਵੇਲੇ ਦਰਦਨਾਕ ਹਾਦਸਾ ਵਾਪਰ ਸਕਦਾ ਹੈ। ਹੁਸ਼ਿਆਰਪੁਰ 'ਚ ਵਾਪਰੇ ਭਿਆਨਕ ਹਾਦਸੇ ਦੀ ਮਿਸਾਲ ਸਾਡੇ ਸਾਹਮਣੇ ਹੈ, ਜਿੱਥੇ ਗੈਸ ਦੇ ਧਮਾਕੇ ਨੇ ਕਈ ਘਰ ਉਜਾੜ ਦਿੱਤੇ ਹਨ।
ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਨਾ ਸਿਰਫ ਆਮ ਜਨਤਾ ਦੀ ਜਾਨ ਖ਼ਤਰੇ ਵਿੱਚ ਹੈ, ਸਗੋਂ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕਮਰਸ਼ੀਅਲ ਸਿਲੰਡਰਾਂ ਦੇ ਰੇਟ ਵੱਖਰੇ ਹਨ ਅਤੇ ਘਰੇਲੂ ਸਿਲੰਡਰਾਂ ਦੇ ਵੱਖਰੇ ਪਰ ਜਿੱਥੇ ਕਮਰਸ਼ੀਅਲ ਵਰਤੋਂ ਲਈ ਘਰੇਲੂ ਸਿਲੰਡਰ ਲਏ ਜਾਂਦੇ ਹਨ, ਉੱਥੇ ਸਰਕਾਰ ਨੂੰ ਸਬਸਿਡੀ ਵਾਲੀ ਗੈਸ ਦੀ ਦੁਰਵਰਤੋਂ ਕਾਰਨ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਇਹ ਸਾਰੀ ਸਥਿਤੀ ਇੱਕ ਖੁੱਲ੍ਹਾ ਸਵਾਲ ਖੜ੍ਹਾ ਕਰਦੀ ਹੈ ਕਿ ਅਖ਼ੀਰ ਸਰਕਾਰ ਦੇ ਇਨ੍ਹਾਂ ਦੇ ਅਧਿਕਾਰੀਆਂ ਨੇ ਚੁੱਪੀ ਕਿਉਂ ਵੱਟੀ ਹੋਈ ਹੈ?