ਘੱਗਰ ਤੇ ਪਟਿਆਲਾ ਨਦੀ ਨੇ ਮਚਾਇਆ ਕਹਿਰ, 50 ਪਿੰਡਾਂ ''ਚ ਹੜ੍ਹ ਵਰਗੇ ਹਾਲਾਤ
Tuesday, Jul 16, 2019 - 09:46 PM (IST)

ਪਟਿਆਲਾ/ਘਨੌਰ/ਸਨੌਰ (ਮਨਦੀਪ ਜੋਸਨ, ਅਲੀ)-ਲਗਾਤਾਰ ਪਈ ਬਾਰਸ਼ ਹੁਣ ਸਰਾਪ ਬਣਦੀ ਨਜ਼ਰ ਆ ਰਹੀ ਹੈ। ਕਈ ਦਹਾਕਿਆਂ ਤੋਂ ਉਜਾੜਾ ਕਰਨ ਵਾਲੇ ਘੱਗਰ, ਛੋਟੀਆਂ ਨਦੀਆਂ ਟਾਂਗਰੀ, ਮਾਰਕੰਡਾ ਅਤੇ ਪਟਿਆਲਾ ਨਦੀ ਨੇ ਵੀ ਅੱਜ ਆਪਣਾ ਕਹਿਰ ਬਰਸਾ ਦਿੱਤਾ ਹੈ। ਇਸ ਨਾਲ ਹਲਕਾ ਘਨੌਰ ਅਤੇ ਸਨੌਰ ਦੇ ਲਗਭਗ 50 ਪਿੰਡਾਂ 'ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਚਾਰੇ ਪਾਸੇ ਹਾਹਕਾਰ ਮਚ ਚੁੱਕੀ ਹੈ।
ਘੱਗਰ ਅੱਜ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਦਾ ਨਜ਼ਰ ਆ ਰਿਹਾ ਹੈ। ਪਟਿਆਲਾ ਨਦੀ ਅਤੇ ਟਾਂਗਰੀ 'ਚ ਅੱਜ ਸਵੇਰੇ ਇਕਦਮ ਪਾਣੀ ਤੇਜ਼ੀ ਨਾਲ ਆ ਗਿਆ। ਇਸ ਨਾਲ ਹਜ਼ਾਰਾਂ ਏਕੜ ਫਸਲ ਅਤੇ ਲੋਕਾਂ ਦੇ ਘਰ ਡੁੱਬ ਗਏ ਹਨ। ਹਲਕਾ ਘਨੌਰ ਦੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਦਨ ਲਾਲ ਜਲਾਲਪੁਰਾ ਅਤੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਪੂਰੀ ਟੀਮ ਨਾਲ ਜਾ ਕੇ ਰਾਹਤ ਕਾਰਜਾਂ 'ਚ ਜੁਟ ਗਈ ਹੈ। ਜਲਾਲਪੁਰ ਨੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਸਾਰੀ ਸਥਿਤੀ 'ਤੇ ਨਿਗ੍ਹਾ ਰੱਖਣ ਲਈ ਕਿਹਾ ਹੈ।
ਆਰਜ਼ੀ ਪੁਲ ਵੀ ਡੁੱਬਾ
ਪਟਿਆਲਾ-ਸਨੌਰ ਰੋਡ 'ਤੇ ਛੋਟੀ ਨਦੀ ਉੱਪਰ ਪੁਰਾਣਾ ਪੁਲ ਤੋੜ ਕੇ ਨਵਾਂ ਬਣਾਉਣ ਲਈ ਕੰਮ ਸ਼ੁਰੂ ਕੀਤਾ ਸੀ। ਇਹ ਕੰਮ ਬਹੁਤ ਹੌਲੀ ਚੱਲ ਰਿਹਾ ਹੈ। ਇਸ ਕਾਰਣ ਰੋਜ਼ਾਨਾ ਆਵਾਜਾਈ ਵਾਲੇ ਲੋਕ ਬਹੁਤ ਪਰੇਸ਼ਾਨ ਹੁੰਦੇ ਹਨ। ਪੈਦਲ ਅਤੇ ਮੋਟਰਸਾਈਕਲ ਵਾਲਿਆਂ ਦੀ ਸਹੂਲਤ ਲਈ ਸਰਕਾਰ ਨੇ ਆਰਜ਼ੀ ਪੁਲ ਬਣਾਇਆ ਸੀ, ਜੋ ਨਦੀ ਵਿਚ ਪਾਣੀ ਆਉਣ ਕਾਰਣ ਡੁੱਬ ਗਿਆ। ਲੋਕਾਂ ਨੂੰ ਹੁਣ ਮੜ੍ਹੀਆਂ ਵਾਲੇ ਪੁਲ ਤੋਂ ਘੁੰਮ ਕੇ ਆਉਣਾ ਪੈ ਰਿਹਾ ਹੈ।