ਹੜ੍ਹਾਂ ਕਾਰਨ 60 ਹਜ਼ਾਰ ਏਕੜ ਫਸਲ ਤਬਾਹ, ਮਹਾਮਾਰੀ ਦੇ ਖਤਰੇ ਤਹਿਤ 200 ਡਾਕਟਰ ਤਾਇਨਾਤ

08/31/2019 11:55:49 AM

ਜਲੰਧਰ (ਪੁਨੀਤ)— ਪਾੜ ਭਰਨ ਦੇ ਕਾਰਨ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪਾਣੀ ਤੇਜੀ ਨਾਲ ਘੱਟ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਨੁਕਸਾਨ ਦਾ ਪਤਾ ਲੱਗਣ ਲੱਗਾ ਹੈ। ਹੜ੍ਹਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲੈਣ ’ਤੇ ਪਤਾ ਲੱਗਾ ਹੈ ਕਿ ਜ਼ਿਲੇ ’ਚ ਲਗਭਗ 60 ਹਜ਼ਾਰ ਏਕੜ ਫਸਲ ਤਬਾਹ ਹੋਈ ਹੈ। ਪ੍ਰਸ਼ਾਸਨ ਵੱਲੋਂ ਇਸ ਦੀ ਗਿਰਦਾਵਰੀ ਕਰਵਾਈ ਜਾ ਰਹੀ ਹੈ, ਜਿਸ ਦੀ ਰਿਪੋਰਟ ਸਰਕਾਰ ਨੂੰ ਭੇਜ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਥੇ ਕਈ ਇਲਾਕਿਆਂ ’ਚ ਮਹਾਮਾਰੀ ਫੈਲਣ ਦੇ ਖਤਰੇ ਤਹਿਤ ਇਲਾਕਿਆਂ ’ਚ 200 ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਤਾਇਨਾਤ ਕੀਤਾ ਗਿਆ ਹੈ, ਜੋ ਗੰਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀਆਂ ਦਵਾਈਆਂ ਸਣੇ ਹੋਰ ਜ਼ਰੂਰੀ ਦਵਾਈਆਂ ਵੰਡ ਰਿਹਾ ਹੈ। ਮੈਡੀਕਲ ਟੀਮਾਂ ਨੂੰ ਘਰ-ਘਰ ਜਾ ਕੇ ਲੋਕਾਂ ਦਾ ਇਲਾਜ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਤੱਕ 8084 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਫਸਲਾਂ ਦੇ ਨੁਕਸਾਨ ਨੂੰ ਲੈ ਕੇ ਅਧਿਕਾਰੀਆਂ ਨੇ ਦੱਸਿਆ ਕਿ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਝੋਨੇ ਅਤੇ ਹੋਰ ਫਸਲਾਂ ਦੀ ਥਾਂ ਕਣਕ ਦੀ ਬੀਜਾਈ ਤਾਂ ਪਹਿਲਾਂ ਬੀਜਣ ਵਾਲੀਆਂ ਫਸਲਾਂ ਦਾ ਬੀਜ ਉਪਲੱਬਧ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।

PunjabKesari

ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ 60 ਹਜ਼ਾਰ ਏਕੜ ਫਸਲ ਖਰਾਬ ਹੋ ਗਈ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਮਾਲ ਵਿਭਾਗ ਨੂੰ ਤੁਰੰਤ ਗਿਰਦਾਵਰੀ ਕਰਕੇ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਫਿਲੌਰ ਸਬ-ਡਿਵੀਜ਼ਨ ਦੇ ਪਿੰਡਾਂ ’ਚ ਪਾਣੀ ਘੱਟ ਹੋਣ ਨਾਲ ਮਾਲ ਵਿਭਾਗ ਵੱਲੋਂ ਵਿਸ਼ੇਸ਼ ਗਿਰਦਾਵਰੀ ਸ਼ੁਰੂ ਕੀਤੀ ਜਾ ਰਹੀ ਹੈ ਜਦਕਿ ਸ਼ਾਹਕੋਟ ਦੇ ਵੀ ਕੁਝ ਜ਼ਿਆਦਾ ਪ੍ਰਭਾਵਿਤ ਪਿੰਡਾਂ ਨੂੰ ਛੱਡ ਕੇ ਬਾਕੀ ਪਿੰਡਾਂ ’ਚ ਗਿਰਦਾਵਰੀ ਸ਼ੁਰੂ ਹੋੋਚੁੱਕੀ ਹੈ।
ਉਨ੍ਹਾਂ ਕਿਹਾ ਕਿ ਅਜੇ ਕਣਕ ਦੀ ਬੀਜਾਈ ਨਵੰਬਰ ਮਹੀਨੇ ’ਚ ਹੋਵੇਗੀ, ਜਿਸ ਕਾਰਨ ਸਤੰਬਰ ਅਤੇ ਅਕਤੂਬਰ ਮਹੀਨਿਆਂ ਲਈ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਬੀਜਾਈ ਲਈ ਤੋਰੀਆ, ਮੱਕੀ, ਬਾਜਰਾ ਆਦਿ ਫਸਲਾਂ ਦਾ ਬੀਜ ਮੁਫਤ ਅਤੇ ਤੁਰੰਤ ਮੁਹੱਈਆ ਕਰਵਾਇਆ ਜਾਵੇਗਾ। ਲੋਹੀਆਂ ਖਾਸ ’ਚ ਹੜ੍ਹ ਪ੍ਰਭਾਵਿਤ ਪਿੰਡਾਂ ’ਚ 7 ਸਰਕਾਰੀ ਸਕੂਲਾਂ ਨੂੰ ਦੋਬਾਰਾ ਖੋਲ੍ਹ ਦਿੱਤਾ ਗਿਆ ਹੈ। ਜੋ ਸਕੂਲ ਖੋਲ੍ਹੇ੍ਗਏ ਹਨ, ਉਨ੍ਹਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਪਿੰਡੀ, ਸਰਕਾਰੀ ਹਾਈ ਸਕੂਲ ਮਾਨਕ, ਸਰਕਾਰੀ ਹਾਈ ਸਕੂਲ ਨਾਹਲ, ਸਰਕਾਰੀ ਹਾਈ ਸਕੂਲ ਫਤਿਹਪੁਰ ਭਗਵਾਂ, ਸਰਕਾਰੀ ਮਿਡਲ ਸਕੂਲ ਕੋਠਾ, ਸਰਕਾਰੀ ਮਿਡਲ ਸਕੂਲ ਯੂਸਫਪੁਰ ਦਾਰੇਵਾਲ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ 12 ਸਰਕਾਰੀ ਸਕੂਲ ਬੰਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਮੰਡੀ ਕਾਸੂ, ਸਰਕਾਰੀ ਹਾਈ ਸਕੂਲ ਨਵਾਂ ਪਿੰਡ, ਸਰਕਾਰੀ ਮਿਡਲ ਸਕੂਲ ਮਹਿਰਾਜਵਾਲਾ, ਸਰਕਾਰੀ ਮਿਡਲ ਸਕੂਲ ਜੋਧ ਸਿੰਘ ਅਤੇ ਸਰਕਾਰੀ ਮਿਡਲ ਸਕੂਲ ਮੰਡੀ ’ਚੋਹਲੀਆਂ ਨੂੰ ਪਾਣੀ ਘੱਟ ਹੋਣ ਤੋਂ ਬਾਅਦ ਜਲਦੀ ਦੋਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਸ਼ਾਹਕੋਟ ਸਬ ਡਿਵੀਜ਼ਨ ਦੇ ਹੜ੍ਹ ਪ੍ਰਭਾਵਿਤ 21 ਪਿੰਡਾਂ ’ਚੋਂ 18 ਪਿੰਡਾਂ ’ਚ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਹੈ।

PunjabKesari
ਮੰਡੀ ਬੋਰਡ ਨੇ ਸ਼ੁਰੂ ਕੀਤੀ ਸੜਕਾਂ ਦੀ ਰਿਪੇਅਰ
ਸ਼ਾਹਕੋਟ ਸਬ ਡਿਵੀਜ਼ਨ ਦੇ ਪਿੰਡ ਲੋਹੀਆਂ ਖਾਸ ਵਿਚ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਸੜਕਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਬੋਰਡ ਵੱਲੋਂ ਇਹ ਕੰਮ ਕਰਵਾਇਆ ਜਾ ਰਿਹਾ ਹੈ। ਸ਼ੁਰੂਆਤ ’ਚ ਮਾਨਕ ਪਿੰਡ ਤੋਂ ਨੱਲ ਪਿੰਡ, ਮੰਡੀ ਚੋਹਲੀਆਂ ਦੀ ਲਗਭਗ 6.62 ਕਿਲਮੀਟਰ ਦੀ ਸੜਕ ਅਤੇ ਆਲੇ-ਦੁਆਲੇ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਹੜ੍ਹ ਕਾਰਨ ਸੜਕਾਂ ਦੀ ਹਾਲਤ ਬੇਹੱਦ ਖਰਾਬ ਹਾਲਤ ਹੋ ਸੀ।

PunjabKesari
6213 ਪਸ਼ੂਆਂ ਦੀ ਹੋਈ ਜਾਂਚ 
ਉਥੇ ਹੀ ਪਸ਼ੂਆਂ ਦੇ ਇਲਾਜ ਦਾ ਸਿਲਸਿਲਾ ਜਾਰੀ ਹੈ, ਅਜੇ ਤੱਕ 6213 ਪਸ਼ੂਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਆਦਿ ਦਿੱਤੀਆਂ ਜਾ ਚੁੱਕੀਆਂ ਹਨ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਮਹਿੰਦਰ ਪਾਲ ਸਿੰਘ, ਡਾ. ਐੱਚ. ਐੱਸ. ਕਾਹਲੋਂ, ਡਾ. ਗੁਰਦੀਪ ਸਿੰਘ, ਡਾ. ਅਮਨਦੀਪ ਸਿੰਘ ਦੀ ਅਗਵਾਈ ’ਚ ਵੱਖ-ਵੱਖ ਇਲਾਕਿਆਂ ’ਚ ਟੀਮਾਂ ਘਰ-ਘਰ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ 1447 ਬੈਗ ਫੀਡ ਭੇਜ ਕੇ 11462 ਪਸ਼ੂਆਂ ਨੂੰ ਕਵਰ ਕੀਤਾ ਗਿਆ ਹੈ। ਉਥੇ ਹੀ ਪ੍ਰਸ਼ਾਸਨ ਦੀ ਅਗਵਾਈ ’ਚ ਇਕ ਮਰੀ ਹੋਈ ਗਾਂ ਨੂੰ ਦਫਨਾਇਆ ਵੀ ਗਿਆ ਹੈ।


shivani attri

Content Editor

Related News