ਹੜ੍ਹ ਦਾ ਅਲਰਟ: ਡੀ. ਸੀ. ਵਿਸ਼ੇਸ਼ ਸਾਰੰਗਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ, ਦਿੱਤੇ ਸਖ਼ਤ ਨਿਰਦੇਸ਼
Monday, Jul 10, 2023 - 11:40 AM (IST)
ਜਲੰਧਰ (ਚੋਪੜਾ)–ਪੰਜਾਬ, ਹਿਮਾਚਲ ’ਚ ਲਗਾਤਾਰ ਪੈ ਰਹੇ ਮੀਂਹ ਨਾਲ ਦਰਿਆ ਅਤੇ ਨਾਲੇ ਪੂਰੇ ਉਫਾਨ ’ਤੇ ਹਨ। ਪੰਜਾਬ ’ਚ ਵੀ ਦਰਿਆ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤਕ ਪਹੁੰਚ ਚੁੱਕਾ ਹੈ, ਜਿਸ ਕਾਰਨ ਹੜ੍ਹ ਦੀ ਸੰਭਾਵਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਐੱਸ. ਡੀ. ਐੱਮ. ਸ਼ਾਹਕੋਟ ਨੂੰ ਅਹਿਤਿਆਤ ਦੇ ਤੌਰ ’ਤੇ 50 ਹੇਠਲੇ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਪਰ ਜੇਕਰ ਕਿਸੇ ਵੀ ਸਮੇਂ ਹੜ੍ਹ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਨ੍ਹਾਂ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਸ਼ਾਮ 7 ਤੋਂ ਸਵੇਰੇ 7 ਵਜੇ ਤਕ ਠੀਕਰੀ ਪਹਿਰੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਪਾਣੀ ਦੇ ਵੱਧਦੇ ਲੈਵਲ ’ਤੇ ਲਗਾਤਾਰ ਨਜ਼ਰ ਰੱਖੀ ਜਾ ਸਕੇ। ਇਹ ਠੀਕਰੀ ਪਹਿਲਾਂ ਨਕੋਦਰ, ਸ਼ਾਹਕੋਟ, ਲੋਹੀਆਂ ਅਤੇ ਫਿਲੌਰ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਪਿੰਡਾਂ ’ਚ ਲਗਾਏ ਜਾਣਗੇ।
ਸਾਰੰਗਲ ਨੇ ਐਤਵਾਰ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫੀਲਡ ’ਚ ਨਿਕਲਦੇ ਹੋਏ ਸੰਵੇਦਨਸ਼ੀਲ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੁਚਤ ਰਹਿਣ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦਰਿਆ ਦੇ ਪਾਣੀ ਦੇ ਪੱਧਰ ’ਤੇ ਨੇੜਿਓਂ ਨਜ਼ਰ ਰੱਖਣ ਲਈ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਦੌਰਾਨ ਹੜ੍ਹ ਅਧੀਨ ਆਉਣ ਵਾਲੇ ਪਿੰਡਾਂ ’ਚ ਰਹਿਣ ਵਾਲੀ ਆਬਾਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਨੂੰ ਸ਼ਾਹਕੋਟ ਬਲਾਕ ਦਾ ਇੰਚਾਰਜ, ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲੋਹੀਆਂ ਬਲਾਕ, ਐਡੀਸ਼ਨਲ ਡਿਪਟਮੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਫਿਲੌਰ ਅਤੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਨੂੰ ਮਹਿਤਪੁਰ ਬਲਾਕ ਦਾ ਇੰਚਾਰਜ ਲਗਾਇਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਸਮੁੱਚੀ ਸਥਿਤੀ ਦੀ 24 ਘੰਟੇ ਨਿਗਰਾਨੀ ਕਰਨ ਲਈ ਆਪਣ-ਆਪਣੇ ਬਲਾਕਾਂ ਨੂੰ ਤਾਇਨਾਤ ਰਹਿਣ ਦੇ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ
ਸਾਰੰਗਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਪਿੰਡ ਦੇ ਲਈ ਇਕ-ਇਕ ਮੁਖੀ ਵੀ ਤਾਇਨਾਤ ਕੀਤੇ ਗਏ ਹਨ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਪ੍ਰਕਿਰਿਆ ਦਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਲਈ ਵਚਨਬੱਧ ਹੈ।
ਇਨ੍ਹਾਂ ਪਿੰਡਾਂ ਨੂੰ ਕਰਵਾਇਆ ਜਾਵੇਗਾ ਖ਼ਾਲੀ
ਡਿਪਟੀ ਕਮਿਸ਼ਨਰ ਵੱਲੋਂ ਐੱਸ. ਡੀ. ਐੱਮ. ਸ਼ਾਹਕੋਟ ਨੂੰ ਇਨ੍ਹਾਂ ਪਿੰਡਾਂ ਨੂੰ ਛੇਤੀ ਤੋਂ ਛੋਤੀ ਖਾਲੀ ਕਰਵਾਉਣ ਦੇ ਲਈ ਕਿਹਾ ਗਿਆ ਹੈ, ਉਨ੍ਹਾਂ ਪਿੰਡਾਂ ’ਚ ਬੂਡੇਵਾਲ, ਚੱਕ ਹਾਥੀਵਾਲਾ, ਨਰੰਗਪੁਰ, ਪਰਜੀਆਂ ਖੁਰਜ, ਗੇਹਲਣ, ਭਦੋ, ਦਾਨੇਵਾਰ, ਬਾਊਪਰ, ਰਾਮੇਤਾਹਰਪੁਰ, ਸਾਂਦ, ਰਾਮਪੁਰ, ਫਖਰੂਵਾਲ, ਸੰਡਾਂਵਾਲ, ਫਾਜਲਵਾਲ, ਸਾਹਲਾਪੁਰ, ਏਦਲਪੁਰ, ਬਾਜਵਾ ਕਲਾਂ, ਲੰਗੇਵਾਲ, ਭੋਏਪੁਰ, ਥੰਮੂਵਾਲ, ਬਾਹਮਣੀਆਂ, ਚੱਕ ਬਾਹਮਣੀਆਂ, ਤਾਹਰਪੁਰ, ਰਾਮੇ, ਚੱਕ ਰਾਮੇ, ਸਮੈਲਪੁਰ, ਫਤੇਹਪੁਰ ਭਗਵਾਂ, ਚੱਕ ਗਦਈਪੁਰ, ਗੱਟੀ ਪੀਰ ਬਖਸ਼, ਰਾਏਪੁਰ, ਜੱਕੋਪੁਰ ਕਲਾਂ, ਗੱਟੀ ਰਾਏਪੁਰ, ਜਾਨੀਆ ਚਾਹਲ, ਜਾਨਿਆ, ਕੋਠਾ, ਚੱਕ ਬੁਡਾਲਾ, ਮਰਾਜਵਾਲਾ, ਮੁੰਡੀ ਕਾਸੂ, ਮੁੰਡੀ ਚੋਹਲੀਆਂ, ਮੁੰਡੀ ਸ਼ੈਹਰੀਆਂ, ਗੱਟਾ ਮੁੰਡੀ ਕਾਸੂ, ਪੜਾਨਾ, ਨਸੀਰਪੁਰ, ਮੰਡਾਲਾ, ਮੁੰਡੀ ਕਾਲੂ, ਕੁਤਬੀਵਾਲ, ਗਿੱਦੜਪਿੰਡੀ, ਯੂਸਫਪੁਰ ਆਲੇਵਾਲ, ਯੂਸਫਪੁਰ ਦਾਰੇਵਾਲ ਅਤੇ ਚੱਕ ਯੂਸਫਪੁਰ ਆਲੇਵਾਲ ਸ਼ਾਮਲ ਹਨ। ਇਨ੍ਹਾਂ ਥਾਵਾਂ ’ਤੇ ਤਾਇਨਾਤ ਅਧਿਕਾਰੀਆਂ ਨੂੰ ਆਪਣੇ-ਆਪਣੇ ਸਟੇਸ਼ਨ ਨਾ ਛੱਡਣ ਅਤੇ ਆਪਣੇ ਮੋਬਾਇਲ 24 ਘੰਟੇ ਚਾਲੂ ਰੱਖਣ ਲਈ ਕਿਹਾ ਗਿਆ ਹੈ, ਜਿਸ ਨਾਲ ਕੋਈ ਅਣਸੁਖਾਵੀਂ ਸਥਿਤੀ ਪੈਦਾ ਹੋਣ ’ਤੇ ਤਾਲਮੇਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਭਾਰੀ ਬਾਰਿਸ਼ ਨਾਲ ਰੋਪੜ 'ਚ ਬਣੇ ਹੜ੍ਹ ਵਰਗੇ ਹਾਲਾਤ, ਹਾਈ ਅਲਰਟ ਜਾਰੀ, ਰੇਲ ਸੇਵਾਵਾਂ ਰੱਦ
ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਤਿਆਰ
ਡਿਪਟੀ ਕਮਿਸ਼ਨਰ ਸਾਰੰਗਲ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੁੱਚੀ ਸਥਿਤੀ ’ਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਾਇਨਾਤ ਹੈ। ਉਨ੍ਹਾਂ ਨੇ ਫਿਲੌਰ, ਨਕੋਦਰ ਅਤੇ ਸ਼ਾਹਕੋਟ ਦੇ ਐੱਸ. ਡੀ. ਐੱਮ. ਨੂੰ ਹਾਈ ਅਲਰਟ ’ਤੇ ਰਹਿਣ ਲਈ ਕਿਹਾ, ਜਿਸ ਨਾਲ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਐੱਸ. ਡੀ. ਏਮਜ਼ ਵੱਲੋਂ ਇਨ੍ਹਾਂ ਪਿੰਡਾਂ ਤੋਂ ਕੱਢੇ ਜਾਣ ਵਾਲੇ ਲੋਕਾਂ ਦੇ ਠਹਿਰਾਉਣ ਦੀ ਵਿਵਸਥਾ ਪਹਿਲਾਂ ਹੀ ਕਰ ਲਈ ਹੈ।
ਸਿਹਤ ਵਿਭਾਗ ਅਤੇ ਪਾਵਰਕਾਮ ਦੀਆਂ ਟੀਮਾਂ ਰਾਹਤ ਕੈਂਪਾਂ ’ਚ ਬਿਹਤਰ ਇੰਤਜ਼ਾਮ ਕਰੇ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਆਪਣੀਆਂ ਸਿਹਤ ਟੀਮਾਂ ਤਿਆਰ ਰੱਖਣ ਨੂੰ ਕਿਹਾ ਗਿਆ ਹੈ ਅਤੇ ਪਾਵਰਕਾਮ ਨੂੰ ਲੋੜ ਪੈਣ ’ਤੇ ਪ੍ਰਸਤਾਵਿਤ ਰਾਹਤ ਕੇਂਦਰਾਂ ’ਚ ਬਿਜਲੀ ਸਪਲਾਈ ਦੇ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਗੋਤਾਖੋਰਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਸੂਬੇ 'ਚ ਪੈ ਰਹੇ ਭਾਰੀ ਮੀਂਹ ਦਰਮਿਆਨ ਪੰਜਾਬ-ਹਰਿਆਣਾ ਹਾਈਕੋਰਟ ਦੀ ਕਾਰਜਕਾਰਨੀ ਕਮੇਟੀ ਦਾ ਵੱਡਾ ਫ਼ੈਸਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711