ਹੜ੍ਹ ਪ੍ਰਭਾਵਿਤ ਇਲਾਕਿਆਂ ''ਚ ਆਸਮਾਨ ਤੋਂ ਵਰ੍ਹੀ ਰਾਹਤ, 6 ਹੈਲੀਕਾਪਟਰਾਂ ਰਾਹੀਂ ਵੰਡੇ 18000 ਪੈਕੇਟ

Thursday, Aug 22, 2019 - 01:36 AM (IST)

ਹੜ੍ਹ ਪ੍ਰਭਾਵਿਤ ਇਲਾਕਿਆਂ ''ਚ ਆਸਮਾਨ ਤੋਂ ਵਰ੍ਹੀ ਰਾਹਤ, 6 ਹੈਲੀਕਾਪਟਰਾਂ ਰਾਹੀਂ ਵੰਡੇ 18000 ਪੈਕੇਟ

ਜਲੰਧਰ,(ਪੁਨੀਤ)— ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੈਲੀਕਾਪਟਰਾਂ ਦੇ ਜ਼ਰੀਏ ਆਸਮਾਨ ਤੋਂ ਰਾਹਤ ਵਰ੍ਹਾਈ ਗਈ, ਜਿਸ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ, 6 ਹੈਲੀਕਾਪਟਰਾਂ ਦੇ ਜ਼ਰੀਏ ਫੌਜ ਵਲੋਂ 18 ਪਿੰਡਾਂ ਵਿਚ 18000 ਪੈਕੇਟ ਰਾਹਤ ਸਮੱਗਰੀ ਪਹੁੰਚਾਈ ਗਈ। ਇਨ੍ਹਾਂ ਪੈਕੇਟਾਂ ਵਿਚ ਪਾਣੀ ਦੀਆਂ ਬੋਤਲਾਂ, 500 ਗਰਾਮ ਬਿਸਕੁਟ, ਪਰਾਂਠੇ ਸ਼ਾਮਲ ਹਨ। ਇਲਾਕੇ ਵਿਚ ਕੁੱਲ 36000 ਪਰਾਂਠੇ ਵੰਡੇ ਗਏ ਜੋ ਕਿ ਸਥਾਨਕ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਤਿਆਰ ਕੀਤੇ ਹੋਏ। ਸ਼ਾਹਕੋਟ ਸਬ ਡਵੀਜ਼ਨ ਦੇ 18 ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਚਲਾਈ ਗਈ ਇਸ ਮੁਹਿੰਮ ਦੇ ਤਹਿਤ ਚੱਕ ਬਡਾਲਾ, ਜਾਨੀਆਂ, ਜਾਨੀਆਂ ਚਾਹਲ, ਮਹਿਰਾਜਵਾਲਾ, ਗੱਟੀ ਰਾਏਪੁਰ, ਕੋਠਾ, ਫਤਿਹਪੁਰ ਭਗਵਾਨ, ਇਸਮਾਇਲਪੁਰ, ਪਿਪਲੀ ਮਿਆਣੀ, ਗੱਟੀ ਪੀਰ ਬਖਸ਼ ਤੇ ਰਾਇਪੁਰ ਵਿਚ ਰਾਹਤ ਸਮੱਗਰੀ ਵੰਡੀ ਗਈ।

ਜਲੰਧਰ ਕੈਂਟ ਵਿਚ ਡੀ. ਸੀ. ਵਰਿੰਦਰ ਸ਼ਰਮਾ ਦੀ ਮੌਜੂਦਗੀ ਵਿਚ ਸਵੇਰੇ 8 ਵਜੇ ਰਾਹਤ ਸਮੱਗਰੀ ਦੇ ਪੈਕੇਟ ਹੈਲੀਕਾਪਟਰਾਂ ਵਿਚ ਭਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਵਾਨਾ ਕੀਤੇ ਗਏ। ਡੀ. ਸੀ. ਵਰਿੰਦਰ ਸ਼ਰਮਾ, ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ, ਇਲਾਕਾ ਵਿਧਾਇਕ ਲਾਡੀ ਸ਼ੇਰੋਵਾਲੀਆ ਸਣੇ ਅਧਿਕਾਰੀਆਂ ਨੇ ਬੋਟ ਦੇ ਜ਼ਰੀਏ ਇਲਾਕੇ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਦਾ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ। ਖਤਰਾ ਅਜੇ ਵੀ ਟਲਿਆ ਨਹੀਂ ਜਿਸ ਕਾਰਣ ਇਕ ਪਾਸੇ ਹੜ੍ਹ ਵਿਚ ਫਸੇ ਲੋਕ ਪਾਣੀ ਘੱਟ ਹੋਣ ਦੀਆਂ ਦੁਆਵਾਂ ਮੰਗ ਰਹੇ ਹਨ ਉਥੇ ਆਮ ਜਨਤਾ ਵੀ ਦੁਆਵਾਂ ਲਈ ਅਰਦਾਸਾਂ ਕਰ ਰਹੀ ਹੈ।

30 ਪਿੰਡਾਂ ਵਿਚ ਬਿਜਲੀ ਸਪਲਾਈ ਜਲਦੀ ਆਮ ਵਾਂਗ ਹੋਣ ਦੇ ਆਸਾਰ ਨਹੀਂ
ਹੜ੍ਹ ਨੂੰ ਲੈ ਕੇ 30 ਦੇ ਕਰੀਬ ਪਿੰਡਾਂ ਵਿਚ ਬਿਜਲੀ ਸਪਲਾਈ ਬੰਦ ਹੈ, ਲੋਹੀਆਂ ਦਾ ਮਹਿਰਾਜਵਾਲਾ ਸਬ ਸਟੇਸ਼ਨ ਪਾਣੀ ਵਿਚ ਡੁੱਬ ਚੁੱਕਾ ਹੈ। ਜਿਸ ਕਾਰਣ ਉਸਨੂੰ ਬੰਦ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਦੇ ਕਈ ਫੀਡਰ ਬੰਦ ਹਨ ਜਿਸ ਕਾਰਣ 30 ਦੇ ਕਰੀਬ ਪਿੰਡ ਪ੍ਰਭਾਵਿਤ ਹੋ ਰਹੇ ਹਨ। ਪਾਵਰ ਨਿਗਮ ਅਧਿਕਾਰੀਆਂ ਮੁਤਾਬਿਕ ਯਕੋਪੁਰ ਸਬ ਸਟੇਸ਼ਨ ਕੋਲ ਵੀ ਪਾਣੀ ਪਹੁੰਚ ਰਿਹਾ ਹੈ, ਜੇਕਰ ਪਾਣੀ ਸਬ ਸਟੇਸ਼ਨ ਦੇ ਅੰਦਰ ਆ ਗਿਆ ਤਾਂ ਉਸਨੂੰ ਬੰਦ ਕਰਨਾ ਪੈ ਸਕਦਾ ਹੈ ਜਿਸ ਨਾਲ 10-15 ਪਿੰਡਾਂ ਦੀ ਸਪਲਾਈ ਬੰਦ ਕਰਨੀ ਪੈ ਸਕਦੀ ਹੈ।

ਆਰਮੀ ਨੇ ਅਜੇ ਤੱਕ ਰੈਸਕਿਊ ਕੀਤੇ 115 ਲੋਕ
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੱਢਣ ਵਿਚ ਪਸ਼ਾਸਨ ਵਲੋਂ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ, ਇਨ੍ਹਾਂ ਵਿਚ ਐੱਨ. ਡੀ. ਆਰ. ਐੱਫ. (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ), ਪੰਜਾਬ ਪੁਲਸ ਸਣੇ ਸੁਰੱਖਿਆ ਬਲਾਂ ਦੀਆਂ ਟੀਮਾਂ ਸ਼ਾਮਲ ਹਨ। ਪ੍ਰਸ਼ਾਸਨ ਵਲੋਂ ਵੱਡੇ ਪੱਧਰ 'ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਆਰਮੀ ਦੇ ਬੁਲਾਰਿਆਂ ਮੁਤਾਬਿਕ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਰਾਹਤ ਕਾਰਜਾਂ ਦੌਰਾਨ ਆਰਮੀ ਵਲੋਂ 115 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਪਏ ਧਾਰਮਕ ਗ੍ਰੰਥਾਂ ਨੂੰ ਵੀ ਸੁਰੱਖਿਅਤ ਸਥਾਨ ਤੱਕ ਪਹੁੰਚਾਇਆ ਗਿਆ ਹੈ।


Related News