ਫਲੈਕਸ ਬੋਰਡ ਕਾਰਨ ਹੋਏ ਝਗੜੇ ’ਚ ਮੁਲਾਜ਼ਮ ਦੀ ਕੁੱਟਮਾਰ, ਸੀ. ਸੀ. ਟੀ. ਵੀ. ਕੈਦ ਹੋਈ ਘਟਨਾ
Wednesday, Dec 23, 2020 - 04:22 PM (IST)
ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ ’ਤੇ ਸ਼ੋਅਰੂਮ ਦੀ ਮੈਡੀਕਲ ਦੁਕਾਨ ਦੇ ਮੁਲਾਜ਼ਮ ਦੀ ਕੁੱਟਮਾਰ ਕਰਕੇ ਗੰਭੀਰ ਰੂਪ ’ਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੈਡੀਕਲ ਸ਼ਾਪ ਦੇ ਮਾਲਕ ਰੋਹਿਤ ਨੇ ਦੱਸਿਆ ਕਿ ਸ਼ੋਅਰੂਮ ਦੀ ਪਹਿਲੀ ਮੰਜ਼ਿਲ ’ਤੇ ਉਨ੍ਹਾਂ ਦੀ ਦੁਕਾਨ ਹੈ ਅਤੇ ਦੂਜੀ ਮੰਜ਼ਿਲ ’ਤੇ ਬੀਰ ਪ੍ਰਾਪਰਟੀ ਦਾ ਦਫਤਰ ਹੈ। ਉਨ੍ਹਾਂ ਕੈਮਿਸਟ ਦੀ ਫਲੈਕਸ ਤੋਂ ਇਲਾਵਾ ਸ਼ੋਅਰੂਮ ਨੂੰ ਕਿਰਾਏ ’ਤੇ ਦੇਣ ਲਈ ਇਕ ਹੋਰ ਫਲੈਕਸ ਲਗਾਈ ਸੀ, ਜਿਸ ਦਾ ਵਿਰੋਧ ਕਰਦੇ ਬੀਰ ਪ੍ਰਾਪਰਟੀ ਦੇ ਲੜਕੇ ਵਿਸ਼ੇਸ਼ ਮੇਹਰਾ ਅਤੇ ਸਿਧਾਂਤ ਮੇਹਰਾ ਦੋਵੇਂ ਭਰਾਵਾਂ ਨਾਲ ਪਹਿਲਾਂ ਵੀ ਤਕਰਾਰ ਹੋਈ ਸੀ, ਜਿਸ ਦੌਰਾਨ ਨਜ਼ਦੀਕੀ ਦੁਕਾਨਦਾਰਾਂ ਨੇ ਸਮਝੌਤੇ ਤਹਿਤ ਇਕ ਛੋਟਾ ਫਲੈਕਸ ਬੋਰਡ ਦੁਕਾਨ ਦੇ ਬਾਹਰ ਲਗਾ ਦਿੱਤਾ ਪਰ ਦੋਵੇਂ ਭਰਾਵਾਂ ਨੇ ਇਤਰਾਜ਼ ਜਤਾਉਂਦਿਆ ਬੀਤੇ ਦਿਨੀਂ ਬੇਸਬਾਲ ਲੈਕੇ ਦੁਕਾਨ ’ਤੇ ਹਮਲਾ ਕਰਦਿਆਂ ਮੁਲਾਜ਼ਮ ਸੁਨੀਲ ਦੀ ਭਾਰੀ ਕੁੱਟਮਾਰ ਕੀਤੀ। ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਉਕਤ ਘਟਨਾ ਜੋ ਸੀ. ਸੀ. ਟੀ. ਵੀ. ਕੈਮਰੇ ਵਿਚ ਦੋਵੇਂ ਭਰਾ ਕੁੱਟਮਾਰ ਕਰਦੇ ਵਿਖਾਈ ਦੇ ਰਹੇ ਹਨ ਪਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਉਸ ਸਮੇਂ ਸਾਹਮਣੇ ਆਈ ਜਦਕਿ ਸਮੂਹ ਸਬੂਤਾਂ ਦੇ ਬਾਵਜੂਦ ਦੋਸ਼ਿਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਗਿਆ। ਇਸ ਸਬੰਧੀ ਥਾਣਾ ਜੀਰਕਪੁਰ ਦੇ ਐੱਸ.ਆਈ ਮਨਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਨੇ ਇਕ ਦੂਜੇ ਖ਼ਿਲਾਫ਼ ਸ਼ਿਕਾਇਤ ਦੇ ਆਧਾਰ ’ਤੇ ਥਾਣੇ ਬੁਲਾਇਆ ਗਿਆ ਹੈ। ਗੰਭੀਰ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।