ਝਗੜਿਆਂ ''ਚ ਔਰਤ ਸਣੇ 5 ਵਿਅਕਤੀ ਜ਼ਖਮੀ

Monday, Apr 02, 2018 - 05:32 AM (IST)

ਜਲਾਲਾਬਾਦ, (ਨਿਖੰਜ, ਬੰਟੀ, ਟੀਨੂੰ, ਦੀਪਕ, ਬਜਾਜ, ਜਤਿੰਦਰ, ਸੇਤੀਆ)- ਵੱਖ-ਵੱਖ ਪਿੰਡਾਂ ਵਿਚ ਹੋਏ ਝਗੜਿਆਂ 'ਚ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੇ ਝਗੜੇ 'ਚ ਜ਼ਖਮੀ ਅਮਰ ਸਿੰਘ ਵਾਸੀ ਚੱਕ ਪੁੰਨਾ ਵਾਲੀ ਨੇ ਆਪਣੇ ਭਰਾ 'ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦਾ ਭਰਾ ਉਸ ਦੇ ਹਿੱਸੇ ਆਉਂਦੀ ਘਰ ਦੀ ਜਗ੍ਹਾ 'ਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦਾ ਹੈ। ਬੀਤੇ ਦਿਨੀਂ ਉਸ ਦਾ ਭਰਾ ਜਗ੍ਹਾ 'ਤੇ ਕਬਜ਼ਾ ਕਰਨ ਦੀ ਨਿਯਤ ਨਾਲ ਆ ਗਿਆ ਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਇੱਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। 
ਦੂਜੇ ਝਗੜੇ ਵਿਚ ਜ਼ਖਮੀ ਬਚਨ ਸਿੰਘ ਪੁੱਤਰ ਲਾਹਣਾ ਸਿੰਘ ਵਾਸੀ ਨੰਦ ਸਿੰਘ ਝੁੱਗਿਆ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਰਾਬ ਪੀਣ ਦਾ ਆਦੀ ਹੈ। ਸ਼ਨੀਵਾਰ ਦੀ ਰਾਤ ਜਦੋਂ ਉਹ ਆਪਣੇ ਕਮਰੇ ਵਿਚ ਸੌਂ ਰਿਹਾ ਸੀ ਤਾਂ ਉਸ ਦਾ ਪੁੱਤਰ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਆ ਗਿਆ ਅਤੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸ ਦਾ ਪੋਤਰਾ ਕ੍ਰਿਸ਼ਨ ਸਿੰਘ ਪੁੱਤਰ ਪਾਲਾ ਸਿੰਘ ਛੁਡਾਉਣ ਲਈ ਅੱਗੇ ਆਇਆ ਤਾਂ ਉਸ ਨੇ ਉਸ ਦੀ ਵੀ ਕੁੱਟ-ਮਾਰ ਕੀਤੀ। 
ਤੀਸਰੇ ਝਗੜੇ ਵਿਚ ਜ਼ਖਮੀ ਔਰਤ ਬਲਵੰਤ ਕੌਰ ਵਾਸੀ ਕਾਠਗੜ੍ਹ ਨੇ ਆਪਣੇ ਜੇਠ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੇਰਾ ਜੇਠ ਆਪਣੀ ਘਰਵਾਲੀ ਦੀ ਕੁੱਟ-ਮਾਰ ਕਰ ਰਿਹਾ ਸੀ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਮੇਰੀ ਵੀ ਕੁੱਟ-ਮਾਰ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ। ਚੌਥੇ ਮਾਮਲੇ ਵਿਚ ਜ਼ਖਮੀ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲਮੋਚੜ੍ਹ ਕਲਾਂ ਨੇ ਦੱਸਿਆ ਕਿ ਪਿੰਡ ਦਾ ਇਕ ਪਰਿਵਾਰ ਸਾਡੇ ਨਾਲ ਪੁਰਾਣੀ ਰੰਜਿਸ਼ ਰੱਖਦਾ ਆ ਰਿਹਾ ਹੈ। ਬੀਤੇ ਦਿਨੀਂ ਜਦੋਂ ਉਹ ਪਿੰਡ ਵਿਚ ਹੋਣ ਵਾਲੇ ਵਿਆਹ ਸਮਾਗਮ ਵਿਚ ਸ਼ਾਮਲ ਹੋ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਲੀ ਵਿਚ ਜਾ ਰਿਹਾ ਸੀ ਤਾਂ ਉਕਤ ਪਰਿਵਾਰ ਦੇ ਮੈਂਬਰਾਂ ਨੇ ਰੰਜਿਸ਼ ਕੱਢਣ ਲਈ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਝਗੜਿਆਂ 'ਚ ਜ਼ਖਮੀ ਵਿਅਕਤੀਆਂ ਦਾ ਇਲਾਜ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। 


Related News