ਰੇਲ ਰੋਕੋ ਅੰਦੋਲਨ ''ਚ ਨਾਮਜ਼ਦ ਪੰਜ ਕਾਂਗਰਸੀ ਨੇਤਾਵਾਂ ਨੂੰ ਮਿਲੀ ਜ਼ਮਾਨਤ

02/07/2018 1:50:20 AM

ਨਵਾਂਸ਼ਹਿਰ, (ਮਨੋਰੰਜਨ)- ਸਾਲ 2015 'ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਸਮੇਂ ਕਾਂਗਰਸ ਵੱਲੋਂ ਰਾਜ ਵਿਆਪੀ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲਵੇ ਸਟੇਸ਼ਨ ਨਵਾਂਸ਼ਹਿਰ 'ਚ ਕੀਤੇ ਗਏ ਪ੍ਰਦਰਸ਼ਨ ਦੇ ਮਾਮਲੇ ਵਿਚ ਰੇਲਵੇ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ 'ਚ ਨਾਮਜ਼ਦ ਪੰਜ ਕਾਂਗਰਸੀ ਨੇਤਾਵਾਂ ਨੂੰ ਮੰਗਲਵਾਰ ਨੂੰ ਜ਼ਮਾਨਤ ਮਿਲ ਗਈ ਹੈ।
ਜਲੰਧਰ ਤੋਂ ਆਏ ਰੇਲਵੇ ਪੁਲਸ ਅਧਿਕਾਰੀਆਂ ਨੇ ਕਰੀਬ 22 ਕਾਂਗਰਸੀ ਨੇਤਾਵਾਂ ਨੂੰ ਫੋਨ ਕਰ ਕੇ ਆਪਣੀ ਜ਼ਮਾਨਤ ਕਰਵਾਉਣ ਦੇ ਲਈ ਕਿਹਾ, ਨਾਲ ਹੀ ਦੱਸਿਆ ਕਿ ਜੇਕਰ ਉਨ੍ਹਾਂ ਆਪਣੀ ਜ਼ਮਾਨਤ ਨਹੀਂ ਕਰਵਾਈ ਤਾਂ ਭਵਿੱਖ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਬਾਅਦ ਕਾਂਗਰਸ ਦੇ ਨੇਤਾ ਤੇ ਕੌਂਸਲ ਦੇ ਸਾਬਕਾ ਪ੍ਰਧਾਨ ਰਾਜਿੰਦਰ ਚੋਪੜਾ, ਮਾਸਟਰ ਲਲਿਤ ਮੋਹਨ ਸ਼ਰਮਾ, ਕੌਂਸਲਰ ਚੰਦਰ ਮੋਹਨ ਪਿੰਕੀ, ਕੌਂਸਲਰ ਮਨਜੀਤ ਕੌਰ ਤੇ ਸੌਰਵ ਸਰੀਨ ਰੇਲਵੇ ਸਟੇਸ਼ਨ ਪੁਲਸ ਚੌਕੀ ਪਹੁੰਚੇ, ਜਿਥੇ ਉਨ੍ਹਾਂ ਆਪਣੀ ਜ਼ਮਾਨਤ ਕਰਵਾਈ।
ਜ਼ਿਕਰਯੋਗ ਹੈ ਕਿ 2015 ਵਿਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਗਏ ਅੰਦੋਲਨ ਤਹਿਤ ਜੇਜੋ ਨਵਾਂਸ਼ਹਿਰ ਡੀ.ਐੱਮ.ਯੂ . ਨੂੰ ਰੋਕਣ ਦੇ ਮਾਮਲੇ ਵਿਚ ਰੇਲਵੇ ਪੁਲਸ ਨੇ ਕੌਂਸਲਰ ਮਹਿੰਦਰ ਸਿੰਘ ਤੇ ਹੋਰਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਜਿਸ ਦੇ ਬਾਅਦ ਪੁਲਸ ਨੇ ਅਖਬਾਰਾਂ ਵਿਚ ਲੱਗੀਆਂ ਕਾਂਗਰਸੀ ਨੇਤਾਵਾਂ ਦੀਆਂ ਫੋਟੋਆਂ ਕੌਂਸਲਰ ਮਹਿੰਦਰ ਸਿੰਘ ਨੂੰ ਦਿਖਾ ਕੇ ਹੋਰ ਕਾਂਗਰਸੀਆਂ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਸੀ। ਪਛਾਣ ਦੇ ਬਾਅਦ ਰੇਲਵੇ ਪੁਲਸ ਨੇ ਕਰੀਬ ਦੋ ਦਰਜਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਰੇਲਵੇ ਪੁਲਸ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਬਲਦੇਵ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਪੰਜ ਲੋਕਾਂ ਨੇ ਜ਼ਮਾਨਤ ਲਈ ਹੈ, ਜਿਨ੍ਹਾਂ ਨੂੰ ਕੱਚੀ ਜ਼ਮਾਨਤ ਮਿਲ ਗਈ ਹੈ। ਅਜੇ ਹੋਰ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਦੇ ਬਾਅਦ ਰੇਲਵੇ ਪੁਲਸ ਵੱਲੋਂ ਜਲੰਧਰ ਸਥਿਤ ਸਪੈਸ਼ਲ ਰੇਲਵੇ ਕੋਰਟ ਵਿਚ ਚਲਾਨ ਪੇਸ਼ ਕੀਤਾ ਜਾਵੇਗਾ। ਜਿਥੇ ਇਹ ਲੋਕ ਪੱਕੀ ਜ਼ਮਾਨਤ ਲੈ ਸਕਣਗੇ। 


Related News