ਪੁਲਸ ਨੂੰ ਮਿਲੀ ਵੱਡੀ ਸਫਲਤਾ, ਦੋਸਤ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
Monday, Jan 26, 2026 - 09:16 AM (IST)
ਲੁਧਿਆਣਾ (ਅਨਿਲ) : ਥਾਣਾ ਪੀ.ਏ.ਯੂ ਅਧੀਨ ਆਉਂਦੇ ਪਿੰਡ ਬਾਰਨਹਾੜਾ ’ਚ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ ਦੋਸਤ ਦੁਆਰਾ ਆਪਣੇ ਦੋਸਤ ਨੂੰ ਗੋਲੀ ਮਾਰ ਦਿੱਤੀ ਗਈ ਸੀ ਜਿਸਦੇ ਬਾਅਦ ਗੰਭੀਰ ਤੌਰ ’ਤੇ ਜ਼ਖਮੀ ਦੋਸਤ ਦੀ ਡੀ.ਐੱਮ.ਸੀ. ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਦਿੰਦੇ ਥਾਣਾ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਬੈਂਸ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਜਸਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜਗਜੀਤ ਨਗਰ ਥਰੀਕੇ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਲੜਕੇ ਰਾਜਵੀਰ ਸਿੰਘ (24) ਨੂੰ ਉਸਦਾ ਦੋਸਤ ਜੁਗਾਧ ਸਿੰਘ ਸੇਖੋਂ ਪੁੱਤਰ ਵੀਰ ਇੰਦਰ ਸਿੰਘ ਸੇਖੋਂ ਵਾਸੀ ਰਾਜਗੁਰੂ ਨਗਰ ਉਸਦੇ ਘਰ ਤੋਂ ਆਪਣੀ ਗੱਡੀ ’ਚ ਬਿਠਾ ਕੇ ਲੈ ਗਿਆ, ਜਿਸ ਦੇ ਬਾਅਦ ਉਸਦੇ ਦੋਸਤ ਜੁਗਾਧ ਸਿੰਘ ਵਲੋਂ ਉੋਸ ਦੈ ਲੜਕੇ ਰਾਜਵੀਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ।
ਇਹ ਵੀ ਪੜ੍ਹੋ : ਚਾਈਨਾ ਡੋਰ ਨੇ ਉਜਾੜ 'ਤਾ ਘਰ, ਇਕ ਮਾਂ ਦਾ ਵੱਢਿਆ ਗਿਆ ਗਲਾ; ਹੋਈ ਦਰਦਨਾਕ ਮੌਤ
ਗੋਲੀ ਮਾਰਨ ਦੇ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦੇ ਮੁਲਜ਼ਮ ਜੁਗਾਧ ਸਿੰਘ ਸੇਖੋਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵਲੋਂ ਉਕਤ ਮਾਮਲੇ ’ਤੇ ਕਾਰਵਾਈ ਕਰਦੇ ਤੁਰੰਤ ਮੁਲਜ਼ਮ ਜੁਗਾਧ ਸਿੰਘ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੁਲਜ਼ਮ ਤੋਂ ਉਸ ਦਾ ਲਾਇਸੈਂਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁਲ਼ਜਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਮੁਲਜ਼ਮ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਸਕੇ। ਫਿਲਹਾਲ ਪੁਲਸ ਵਲੋਂ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਖੁਲਾਸਾ ਪੁਲਸ ਆਉਣ ਵਾਲੇ ਦਿਨਾਂ ’ਚ ਕਰ ਸਕਦੀ ਹੈ।
