ਸਮੋਗ ''ਚ ਸਵਾਰੀਆਂ ਦੀ ਸਲਾਮਤੀ ਪਹਿਲਾਂ, ਮੁਨਾਫਾ ਬਾਅਦ ''ਚ

Monday, Nov 13, 2017 - 01:35 AM (IST)

ਫਰੀਦਕੋਟ,   (ਹਾਲੀ)-  ਪੰਜਾਬ ਹੀ ਨਹੀਂ ਬਲਕਿ ਆਲੇ-ਦੁਆਲੇ ਦੇ ਖੇਤਰਾਂ ਵਿਚ ਵੀ ਇਸ ਵੇਲੇ ਸਮੋਗ ਨੇ ਹਰ ਪਾਸੇ ਦਿਖਣਾ ਬੰਦ ਕਰਵਾਇਆ ਹੋਇਆ ਹੈ। ਇਸ ਤਰ੍ਹਾਂ ਦੇ ਸਮੇਂ ਵਿਚ ਕਈ ਖੇਤਰਾਂ ਵਿਚ ਤਾਂ ਸੂਰਜ ਦੇ ਦਰਸ਼ਨ ਤੱਕ ਨਹੀਂ ਹੋ ਰਹੇ ਪਰ ਇਸ ਸਭ ਦੇ ਬਾਵਜੂਦ ਰੋਜ਼ਾਨਾ ਸਫਰ ਕਰਨ ਵਾਲੇ ਅਤੇ ਸਫਰ ਕਰਵਾਉਣ ਵਾਲੇ ਸਾਧਨ ਸੜਕਾਂ 'ਤੇ ਚੱਲ ਰਹੇ ਹਨ। ਇਨ੍ਹਾਂ ਸਾਧਨਾਂ ਵਿਚ ਪ੍ਰਮੁੱਖ ਸਰਕਾਰੀ ਅਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਘਾਟੇ ਵਿਚ ਜਾ ਰਹੀਆਂ ਹਨ ਪਰ ਸਰਕਾਰ ਦੇ ਨਾਲ-ਨਾਲ ਨਿੱਜੀ ਕੰਪਨੀਆਂ ਨੇ ਮੁਨਾਫੇ ਦੀ ਬਜਾਏ ਸਵਾਰੀਆਂ ਦੀ ਜਾਨ ਸਲਾਮਤੀ ਲਈ ਡਰਾਈਵਰਾਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਪੀ. ਆਰ. ਟੀ. ਸੀ. ਦੇ ਡਿਪੂ ਵਿਚ 102 ਬੱਸਾਂ ਦਾ ਫਲੀਟ ਹੈ ਅਤੇ ਇਹ ਬੱਸਾਂ ਰੋਜ਼ਾਨਾ 37000 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਲੋਕਾਂ ਨੂੰ ਆਪਣੇ- ਆਪਣੇ ਟਿਕਾਣਿਆਂ 'ਤੇ ਪਹੁੰਚਦੀਆਂ ਕਰ ਰਹੀਆਂ ਹਨ। ਇਹ ਸਿਰਫ ਪੰਜਾਬ ਹੀ ਨਹੀਂ ਬਲਕਿ ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼ ਤੱਕ ਜਾਂਦੀਆਂ ਹਨ ਪਰ ਹੁਣ ਸਮੋਗ ਨੇ ਇਨ੍ਹਾਂ ਦੀ ਚਾਲ ਹੌਲੀ ਕਰ ਦਿੱਤੀ ਹੈ।
ਹਰ ਰੋਜ਼ ਬੱਸਾਂ ਹੌਲੀ ਚੱਲਣ ਕਾਰਨ ਸਬੰਧਤ ਬੱਸ ਅੱਡਿਆਂ ਵਿਚ ਟਾਈਮ ਸਿਰ ਨਹੀਂ ਪਹੁੰਚ ਰਹੀਆਂ ਅਤੇ ਇਨ੍ਹਾਂ ਦੇ ਟਾਈਮ ਮਿਸ ਹੋ ਰਹੇ ਹਨ। ਟਾਈਮ ਮਿਸ ਹੋਣ ਅਤੇ ਸੜਕਾਂ 'ਤੇ ਹੌਲੀ ਚੱਲਣ ਕਰਕੇ ਫਰੀਦਕੋਟ ਜ਼ਿਲੇ ਦੇ ਇਸ ਇਕਲੌਤੇ ਬੱਸ ਡਿਪੂ ਨੂੰ ਹਰ ਰੋਜ਼ 1500 ਤੋਂ 2000 ਕਿਲੋਮੀਟਰ ਤੱਕ ਰੋਜ਼ਾਨਾ ਘੱਟ ਸਫਰ ਤੈਅ ਕਰਨਾ ਪੈ ਰਿਹਾ ਹੈ, ਜਿਸ ਨਾਲ ਡਿਪੂ ਦੀ ਕਮਾਈ ਘੱਟ ਹੋ ਰਹੀ ਹੈ ਪਰ ਇਨ੍ਹਾਂ ਨੇ ਇਸ ਸਥਿਤੀ ਵਿਚ ਕੋਈ ਟਾਈਮ ਬੰਦ ਨਹੀਂ ਕੀਤਾ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। 
ਨਿੱਜੀ ਬੱਸਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਵੀ ਇਹੀ ਸਥਿਤੀ ਹੈ ਪਰ ਉਨ੍ਹਾਂ ਨੇ ਅਹਿਤਿਆਦ ਦੇ ਤੌਰ 'ਤੇ ਕਈ ਰੂਟਾਂ ਦੇ ਕੁਝ ਹਿੱਸੇ ਬੰਦ ਕਰ ਲਏ ਹਨ ਤਾਂ ਕਿ ਬਾਕੀ ਮੁਸਾਫਿਰਾਂ ਨੂੰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਫਰੀਦਕੋਟ ਦੀ ਬੱਸ ਕੰਪਨੀ ਗਰੀਨ ਰੋਡਵੇਜ਼ ਜਿਸ ਦੀਆਂ ਕਿ ਹਰ ਰੋਜ਼ ਬੱਸਾਂ 4800 ਕਿਲੋਮੀਟਰ ਦੇ ਕਰੀਬ ਸਫਰ ਤੈਅ ਕਰਦੀਆਂ ਸਨ, ਦੇ ਕਿਲੋਮੀਟਰਾਂ ਉਪਰ ਵੀ ਕਾਫੀ ਬਰੇਕਾਂ ਲੱਗ ਰਹੀਆਂ ਹਨ। ਇਨ੍ਹਾਂ ਬੱਸਾਂ ਵੱਲੋਂ 250 ਤੋਂ 300 ਕਿਲੋਮੀਟਰ ਤੱਕ ਦਾ ਸਫਰ ਘੱਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਕੰਪਨੀ ਵੀ ਇਨ੍ਹਾਂ ਦਿਨਾਂ ਵਿਚ ਮੁਨਾਫਾ ਨਹੀਂ ਕਮਾ ਰਹੀ।


Related News