ਏਮਜ਼ ਬਠਿੰਡਾ ''ਚ ਪਹਿਲਾ ਕਿਡਨੀ ਟਰਾਂਸਪਲਾਂਟ ਸਫ਼ਲ, ਮਾਂ ਨੇ ਜਵਾਨ ਪੁੱਤ ਨੂੰ ਦਾਨ ਕੀਤੀ ਕਿਡਨੀ
Thursday, Mar 13, 2025 - 12:49 PM (IST)

ਬਠਿੰਡਾ (ਵਿਜੇ ਵਰਮਾ) : ਏਮਜ਼ ਬਠਿੰਡਾ ਨੇ 6 ਮਾਰਚ, 2025 ਨੂੰ ਪਹਿਲਾ ਲਾਈਵ ਰਿਲੇਟਿਡ ਕਿਡਨੀ ਟਰਾਂਸਪਲਾਂਟ ਕਰਕੇ ਇਲਾਕੇ 'ਚ ਇਤਿਹਾਸ ਰਚਿਆ। ਇਸ ਟਰਾਂਸਪਲਾਂਟ 'ਚ ਇਕ ਮਾਂ ਨੇ ਆਪਣੇ 22 ਸਾਲਾ ਪੁੱਤਰ ਨੂੰ ਆਪਣੀ ਕਿਡਨੀ ਦਾਨ ਕਰਕੇ ਉਸ ਦੀ ਜ਼ਿੰਦਗੀ ਬਚਾਈ। ਇਹ ਕਦਮ ਇਲਾਕੇ 'ਚ ਆਖ਼ਰੀ ਪੜਾਅ ਦੀਆਂ ਕਿਡਨੀ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਨਵੀਂ ਉਮੀਦ ਬਣ ਕੇ ਸਾਹਮਣੇ ਆਇਆ ਹੈ। ਏਮਜ਼ ਦੇ ਅਧਿਕਸ਼ ਪ੍ਰੋ. (ਡਾ.) ਅਨਿਲ ਕੁਮਾਰ ਗੁਪਤਾ ਅਤੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਮੀਨੂ ਸਿੰਘ ਦੀ ਅਗਵਾਈ ਹੇਠ ਇਹ ਵੱਡੀ ਉਪਲੱਬਧੀ ਹਾਸਲ ਕੀਤੀ ਗਈ। ਡਾ. ਗੁਪਤਾ ਨੇ ਦੱਸਿਆ ਕਿ ਭਾਰਤ ਹਾਲਾਂਕਿ ਠੋਸ ਅੰਗ ਟਰਾਂਸਪਲਾਂਟ ਵਿੱਚ ਵਿਸ਼ਵ ਆਗੂ ਹੈ, ਪਰ 10 ਲੱਖ ਲੋਕਾਂ ‘ਤੇ ਟਰਾਂਸਪਲਾਂਟ ਦੀ ਦਰ (0.65) ਅਜੇ ਵੀ ਕਈ ਉੱਚ ਆਮਦਨ ਵਾਲੇ ਦੇਸ਼ਾਂ ਤੋਂ ਘੱਟ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ! ਮੁਫ਼ਤ ਕਣਕ ਨੂੰ ਲੈ ਕੇ ਆਈ ਨਵੀਂ UPDATE
ਪ੍ਰੋ. (ਡਾ.) ਮੀਨੂ ਸਿੰਘ ਨੇ ਕਿਹਾ ਕਿ ਭਾਰਤ ‘ਚ ਡਾਇਬਟੀਜ਼ ਦੇ ਮਰੀਜ਼ ਸਭ ਤੋਂ ਵੱਧ ਹਨ, ਜੋ ਆਖ਼ਰੀ ਪੜਾਅ ਦੀਆਂ ਕਿਡਨੀ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਅਜਿਹੇ 'ਚ ਏਮਜ਼ ਬਠਿੰਡਾ 'ਚ ਟਰਾਂਸਪਲਾਂਟ ਦੀ ਸ਼ੁਰੂਆਤ ਉਨ੍ਹਾਂ ਮਰੀਜ਼ਾਂ ਲਈ ਰਾਹਤ ਬਣੇਗੀ, ਜੋ ਵਧੇਰੇ ਲਾਗਤ ਕਰਕੇ ਇਲਾਜ ਨਹੀਂ ਕਰਵਾ ਸਕਦੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦਾਨੀ ਤੇ ਪ੍ਰਾਪਤ ਕਰਤਾ ਦੋਹਾਂ ਦੀ ਹਾਲਤ ਠੀਕ ਹੈ। ਏਮਜ਼ ਦੇ ਮੈਡੀਕਲ ਸੁਪਰੀਡੈਂਟ ਪ੍ਰੋ. ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਏਮਜ਼ ਬਠਿੰਡਾ ਉੱਚ ਮਿਆਰੀ ਸਿਹਤ ਸੇਵਾਵਾਂ ਨਿਊਨਤਮ ਲਾਗਤ ‘ਤੇ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਡਾ. ਕਵਲਜੀਤ ਸਿੰਘ ਕੌਰਾ, ਮੁਖੀ ਯੂਰੋਲੋਜੀ ਤੇ ਕਿਡਨੀ ਟਰਾਂਪਲਾਂਟ ਵਿਭਾਗ ਨੇ ਦੱਸਿਆ ਕਿ ਇਹ ਉਪਰਾਲਾ ਸਮਾਜ ‘ਚ ਵੱਧ ਰਹੀਆਂ ਕਿਡਨੀ ਬਿਮਾਰੀਆਂ ਦੇ ਮਾਮਲਿਆਂ ਵੱਲ ਇੱਕ ਜ਼ਰੂਰੀ ਪਗ ਹੈ।
ਇਹ ਵੀ ਪੜ੍ਹੋ : ਚਿਕਨ ਖਾਣ ਦੇ ਸ਼ੌਕੀਨ ਪੰਜਾਬੀਓ ਸਾਵਧਾਨ! Bird Flu ਨੂੰ ਲੈ ਕੇ ਸੂਬੇ 'ਚ Alert ਜਾਰੀ
ਉਨ੍ਹਾਂ ਨੇ ਇਸ ਉਪਲੱਬਧੀ ਲਈ ਪੂਰੀ ਟੀਮ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਡਾ. ਸੌਰਭ ਨਾਇਕ ਏਮਜ਼ ਦੇ ਨੇਫਰੋਲੋਜੀ ਵਿਭਾਗ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਪਿਛਲੇ 18 ਮਹੀਨਿਆਂ 'ਚ 5000 ਤੋਂ ਵੱਧ ਡਾਇਲਸਿਸ ਪ੍ਰਕਿਰਿਆਵਾਂ (ਪੇਰੀਟੋਨੀਅਲ ਡਾਇਲਿਸਿਸ ਸਮੇਤ) ਸਫ਼ਲਤਾ ਪੂਰਵਕ ਕੀਤੀਆਂ ਹਨ। ਏਮਜ਼ ਬਠਿੰਡਾ 'ਚ ਕਿਡਨੀ ਟਰਾਂਸਪਲਾਂਟ ਦੀ ਲਾਗਤ 2 ਲੱਖ ਰੁਪਏ ਤੋਂ ਘੱਟ ਆਉਂਦੀ ਹੈ, ਜਿਸ ਨਾਲ ਆਮ ਲੋਕਾਂ ਲਈ ਇਹ ਸੇਵਾ ਸੌਖੀ ਬਣੇਗੀ। ਹਾਲਾਂਕਿ ਆਯੁਸ਼ਮਾਨ ਭਾਰਤ ਯੋਜਨਾ ਹੇਠ ਪੰਜਾਬ ‘ਚ ਕਿਡਨੀ ਟਰਾਂਸਪਲਾਂਟ ਦੀ ਕਵਰੇਜ ਨਹੀਂ ਦਿੱਤੀ ਗਈ, ਜੋ ਲੋੜਵੰਦ ਮਰੀਜ਼ਾਂ ਲਈ ਰੁਕਾਵਟ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8