ਅੰਮ੍ਰਿਤਸਰ : ਰੰਜੀਸ਼ ਕਾਰਨ ਨੌਜਵਾਨ 'ਤੇ ਅੰਨ੍ਹੇਵਾਹ ਫਾਈਰਿੰਗ
Tuesday, Apr 16, 2019 - 10:01 PM (IST)
![ਅੰਮ੍ਰਿਤਸਰ : ਰੰਜੀਸ਼ ਕਾਰਨ ਨੌਜਵਾਨ 'ਤੇ ਅੰਨ੍ਹੇਵਾਹ ਫਾਈਰਿੰਗ](https://static.jagbani.com/multimedia/2019_4image_21_58_21939658516asr28abd.jpg)
ਅੰਮ੍ਰਿਤਸਰ-ਥਾਣਾ ਛੇਹਰਟਾ ਅਧੀਨ ਪੈਂਦੇ ਪਿੰਡ ਮਾਹਲ ਦੀ ਗਰਾਊਂਡ ’ਚ ਕ੍ਰਿਕਟ ਖੇਡ ਰਹੇ ਇਕ ਨੌਜਵਾਨ ਕੋਲ ਪੁੱਜੇ 2 ਕਾਰਾਂ ’ਚ ਆਏ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਲੱਤਾਂ ਤੇ ਪਿੱਠ ’ਚ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਫੈਜ਼ਪੁਰਾ ਨਵੀਂ ਆਬਾਦੀ ਵਾਸੀ ਆਸ਼ੂ ਪੁੱਤਰ ਰਾਜਵਿੰਦਰ ਨੂੰ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। 2 ਕਾਰਾਂ ’ਚ ਆਏ ਇਨ੍ਹਾਂ ਹਮਲਾਵਰਾਂ ਨੇ 8 ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ 4 ਉਸ ਦੀ ਲੱਤ ਤੇ ਪਿੱਠ ’ਚ ਲੱਗੀਆਂ।
ਇਲਾਜ ਅਧੀਨ ਆਸ਼ੂ ਦੇ ਜੀਜਾ ਰਕਸ਼ਿਤ ਨੇ ਦੱਸਿਆ ਕਿ ਮੁਹੱਲੇ ਦੇ ਕੁਝ ਲਡ਼ਕਿਆਂ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਪਹਿਲਾਂ ਵੀ ਉਸ ਦੇ ਸਾਲੇ ’ਤੇ ਕਈ ਵਾਰ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਆਸ਼ੂ ਖਿਲਾਫ ਮਾਮਲਾ ਦਰਜ ਹੋਇਆ ਸੀ, ਜਿਸ ਤਹਿਤ ਉਹ ਸਜ਼ਾ ਕੱਟ ਕੇ ਆਇਆ ਸੀ। ਅੱਜ ਜਦੋਂ ਆਸ਼ੂ ਆਪਣੇ ਦੋਸਤ ਸੋਨੂੰ ਨਾਲ ਪਿੰਡ ਮਾਹਲ ਦੀ ਗਰਾਊਂਡ ’ਚ ਕ੍ਰਿਕਟ ਖੇਡਣ ਗਿਆ ਸੀ ਤਾਂ 2 ਕਾਰਾਂ ’ਚ ਆਏ ਕੁਸ਼ਲਦੀਪ ਕੈਮੀ, ਲਵ, ਬਿੱਟੂ, ਪਵਨ, ਯਸ਼, ਗੌਤਮ, ਮਣੀ ਤੇ ਹੋਰ ਅਣਪਛਾਤਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਸੀ. ਪੀ. ਪੱਛਮੀ ਦੇਵਦੱਤ ਸ਼ਰਮਾ, ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਤੇ ਥਾਣਾ ਛੇਹਰਟਾ ਦੀ ਪੁਲਸ ਸਰਕਾਰੀ ਹਸਪਤਾਲ ਪੁੱਜ ਗਈ। ਉਧਰ ਇਸ ਮਾਮਲੇ ਬਾਰੇ ਏ. ਸੀ. ਪੀ. ਪੱਛਮੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ’ਚ ਦਰਜ ਸਾਰੇ ਹਮਲਾਵਰਾਂ ਖਿਲਾਫ ਇਰਾਦਾ ਕਤਲ ਦੋਸ਼ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।