ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੇ ਦੋਸ਼ ’ਚ ਇਕ ਨਾਮਜ਼ਦ

Monday, Dec 30, 2024 - 04:59 PM (IST)

ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੇ ਦੋਸ਼ ’ਚ ਇਕ ਨਾਮਜ਼ਦ

ਜ਼ੀਰਾ (ਰਾਜੇਸ਼ ਢੰਡ) : ਮੱਖੂ ਦੇ ਜੱਲਾ ਚੌਂਕ ’ਚ ਇਕ ਵਿਅਕਤੀ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ ਦੇ ਦੋਸ਼ ’ਚ ਥਾਣਾ ਮਖੂ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਮਸ਼ੇਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਨੇੜੇ ਗਿੱਲ ਫੀਡ ਫੈਕਟਰੀ ਰਸੂਲਪੁਰ ਮੱਖੂ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਗੁਰਜੰਟ ਸਿੰਘ ਜੱਲਾ ਚੌਂਕ ਮੱਖੂ ਪਾਸੋਂ ਤਿਆਰ ਕਰਵਾ ਰਿਹਾ ਸੀ।

ਇੰਨੇ ਨੂੰ ਰਵਿੰਦਰ ਸਿੰਘ ਉਰਫ਼ ਬਿੱਲੂ ਪੁੱਤਰ ਗੁਰਦੇਵ ਸਿੰਘ ਉਰਫ਼ ਬਿੱਟੂ ਵਾਸੀ ਬੈਕਸਾਈਡ ਬਾਬਾ ਬਾਠਾਂ ਵਾਲਾ ਗੁਰਦੁਆਰਾ ਮੱਖੂ ਆਪਣੇ ਮੋਟਰਸਾਈਕਲ 'ਤੇ ਆਇਆ। ਉਸ ਨੇ ਆਉਂਦਿਆਂ ਹੀ ਆਪਣੀ ਡੱਬ 'ਚੋਂ ਪਿਸਤੌਲ ਮੈਗਜ਼ੀਨ ਵਾਲਾ ਕੱਢ ਕੇ ਪਹਿਲਾਂ ਫਾਇਰ ਉਸ ਦੇ ਮਾਰਿਆ, ਜੋ ਉਸ ਦੇ ਪੈਰਾਂ ਵਿਚ ਜ਼ਮੀਨ ’ਤੇ ਇੱਟਾਂ ’ਤੇ ਲੱਗਾ, ਫਿਰ ਇਕ ਹੋਰ ਫਾਇਰ ਮਾਰ ਦੇਣ ਦੀ ਨੀਅਤ ਨਾਲ ਉਸ ਵੱਲ ਕੀਤਾ ਤਾਂ ਗੁਰਜੰਟ ਸਿੰਘ ਮਿਸਤਰੀ ਨੇ ਰਵਿੰਦਰ ਸਿੰਘ ਦਾ ਹੱਥ ਫੜ੍ਹ ਕੇ ਪਿਸਤੌਲ ਦਾ ਮੂੰਹ ਉੱਪਰ ਵੱਲ ਕਰ ਦਿੱਤਾ, ਜੋ ਫਾਇਰ ਉੱਪਰ ਹਵਾ ਵਿਚ ਹੋ ਗਿਆ।

ਵਜ਼ਾ ਰੰਜ਼ਿਸ਼ ਇਹ ਹੈ ਕਿ ਉਸ ਨੇ ਰਵਿੰਦਰ ਸਿੰਘ ਉਰਫ਼ ਬਿੱਲੂ ਨੂੰ ਗੁਰਜੰਟ ਸਿੰਘ ਮਿਸਤਰੀ ਦੇ ਮੋਟਰਸਾਈਕਲ ਬਣਵਾਉਣ ਦੇ ਪੈਸੇ ਦੇਣ ਬਾਰੇ ਕਿਹਾ ਸੀ। ਇਸ ਰੰਜ਼ਿਸ਼ ਕਰਕੇ ਰਵਿੰਦਰ ਸਿੰਘ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਝਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News