ਜੰਡਿਆਲਾ: ਨਸ਼ੇ ''ਚ ਧੁੱਤ ਨੌਜਵਾਨ ਨੇ ਬੱਚਿਆਂ ਨਾਲ ਭਰੀ ਸਕੂਲੀ ਬੱਸ ''ਤੇ ਕੀਤੀ ਫਾਇਰਿੰਗ (ਵੀਡੀਓ)

Wednesday, Aug 24, 2022 - 02:40 AM (IST)

ਅੰਮ੍ਰਿਤਸਰ/ਜੰਡਿਆਲਾ ਗੁਰੂ (ਸੰਜੀਵ/ਸੁਰਿੰਦਰ, ਸ਼ਰਮਾ) : ਨਸ਼ੇ 'ਚ ਧੁੱਤ ਨੌਜਵਾਨ ਨੇ ਰਸਤਾ ਨਾ ਦੇਣ ’ਤੇ ਸਕੂਲ ਬੱਸ ਦੇ ਡਰਾਈਵਰ ਅਤੇ ਕੰਡਕਟਰ 'ਤੇ ਪਿਸਤੌਲ ਤਾਣ ਦਿੱਤੀ। ਕਾਹਲੀ 'ਚ ਨੌਜਵਾਨ ਨੇ ਬੱਸ ਦੇ ਡਰਾਈਵਰ ’ਤੇ 3 ਵਾਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਦੇਸੀ ਹੋਣ ਕਾਰਨ ਤਿੰਨੋਂ ਵਾਰ ਫਾਇਰ ਕਰਨ ਤੋਂ ਖੁੰਝ ਗਿਆ, ਜਿਸ ਤੋਂ ਬਾਅਦ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਨੌਜਵਾਨ ਨੂੰ ਫੜ ਕੇ ਇਕ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਪੁਲਸ ਨੂੰ ਸੂਚਿਤ ਕੀਤਾ। ਪਿੰਡ ਵਾਸੀਆਂ ਨੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਦਾ ਪਿਸਤੌਲ ਅਤੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਕਾਰਜ ਸਿੰਘ ਵਾਸੀ ਪਿੰਡ ਜਾਣੀਆ ਵਜੋਂ ਹੋਈ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ ਕਾਰਜ ਸਿੰਘ ਦੇ ਘਰ ਛਾਪੇਮਾਰੀ ਕੀਤੀ, ਜਿੱਥੋਂ 15 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ। ਫਿਲਹਾਲ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁਲਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਤਲੁਜ ਦਰਿਆ 'ਚ ਨਹਾਉਂਦੇ ਸਮੇਂ ਇਕ ਨੌਜਵਾਨ ਦੀ ਮੌਤ, ਦੂਜੇ ਨੂੰ ਪਿੰਡ ਵਾਸੀਆਂ ਨੇ ਕੱਢਿਆ ਬਾਹਰ

ਕਿਵੇਂ ਵਾਪਰੀ ਘਟਨਾ?

ਅੱਜ ਦੁਪਹਿਰ ਜੰਡਿਆਲਾ ਗੁਰੂ ਦੇ ਇਕ ਨਿੱਜੀ ਸਕੂਲ ਦੀ ਬੱਸ ਤਰਨਤਾਰਨ ਰੋਡ ’ਤੇ ਬੱਚਿਆਂ ਨੂੰ ਉਤਾਰਨ ਜਾ ਰਹੀ ਸੀ। ਮੁਲਜ਼ਮ ਆਪਣੇ ਮੋਟਰਸਾਈਕਲ ’ਤੇ ਬੱਸ ਦੇ ਪਿੱਛੇ ਸੀ ਅਤੇ ਵਾਰ-ਵਾਰ ਹਾਰਨ ਵਜਾ ਕੇ ਰਸਤਾ ਮੰਗ ਰਿਹਾ ਸੀ। ਸੜਕ ਤੰਗ ਹੋਣ ਕਾਰਨ ਡਰਾਈਵਰ ਰਸਤਾ ਨਹੀਂ ਦੇ ਸਕਿਆ ਤਾਂ ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ। ਜਦੋਂ ਨੌਜਵਾਨ ਨੂੰ ਰਸਤਾ ਮਿਲਿਆ ਤਾਂ ਉਸ ਨੇ ਬੱਸ ਦੇ ਅੱਗੇ ਜਾ ਕੇ ਆਪਣਾ ਮੋਟਰਸਾਈਕਲ ਖੜ੍ਹਾ ਕਰ ਦਿੱਤਾ ਅਤੇ ਤੈਸ਼ 'ਚ ਆ ਕੇ ਆਪਣਾ ਪਿਸਤੌਲ ਕੱਢ ਲਿਆ। ਡਰਾਈਵਰ ਨੇ ਬੱਸ ਰੋਕ ਲਈ ਅਤੇ ਨੌਜਵਾਨ ਨੂੰ ਵਾਰ-ਵਾਰ ਪਿਸਤੌਲ ਹੇਠਾਂ ਕਰਨ ਲਈ ਕਿਹਾ ਪਰ ਨਸ਼ੇ 'ਚ ਧੁੱਤ ਕਾਰਜ ਸਿੰਘ ਨੇ 3 ਵਾਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਫਾਇਰ ਕਰਨ ਤੋਂ ਖੁੰਝ ਗਿਆ। ਡਰਾਈਵਰ ਤੇ ਕੰਡਕਟਰ ਨੇ ਕਿਸੇ ਤਰ੍ਹਾਂ ਕਾਰਜ ਸਿੰਘ ਨੂੰ ਫੜ ਕੇ ਦਰੱਖਤ ਨਾਲ ਬੰਨ੍ਹ ਦਿੱਤਾ ਤੇ ਪਹਿਲਾਂ ਉਸ ਦੀ ਛਿੱਤਰ ਪਰੇਡ ਕੀਤੀ ਤੇ ਫਿਰ ਪੁਲਸ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ

70 ਹਜ਼ਾਰ 'ਚ ਲਿਆ ਸੀ ਪਿਸਤੌਲ

ਪੁਲਸ ਜਾਂਚ 'ਚ ਕਾਰਜ ਸਿੰਘ ਨੇ ਮੰਨਿਆ ਕਿ ਉਸ ਨੇ ਇਹ ਪਿਸਤੌਲ 70 ਹਜ਼ਾਰ 'ਚ ਖਰੀਦਿਆ ਸੀ। ਹੁਣ ਪੁਲਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਇਹ ਪਿਸਤੌਲ ਕਿੱਥੋਂ ਖਰੀਦਿਆ ਸੀ, ਜਦਕਿ ਦੂਜੇ ਪਾਸੇ ਜਦੋਂ ਪੁਲਸ ਨੇ ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ ਤਾਂ ਉਥੋਂ 15 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ।

ਇਹ ਕਹਿਣਾ ਹੈ ਡੀ.ਐੱਸ.ਪੀ. ਦਾ?

ਡੀ.ਐੱਸ.ਪੀ. ਜੰਡਿਆਲਾ ਗੁਰੂ ਦਾ ਕਹਿਣਾ ਹੈ ਕਿ ਫਿਲਹਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪਿਸਤੌਲ ਅਤੇ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਪੁਲਸ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ, ਜਦਕਿ ਉਹ ਨਸ਼ੇ ਦਾ ਆਦੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News