ਗਲਤੀ ਦਾ ਪਛਤਾਵਾ ਕਰਨ ਮੇਅਰ ਕੋਲ ਪਹੁੰਚੇ ਫਾਇਰ ਕਰਮਚਾਰੀ

Friday, Apr 20, 2018 - 03:19 AM (IST)

ਗਲਤੀ ਦਾ ਪਛਤਾਵਾ ਕਰਨ ਮੇਅਰ ਕੋਲ ਪਹੁੰਚੇ ਫਾਇਰ ਕਰਮਚਾਰੀ

ਅੰਮ੍ਰਿਤਸਰ,  (ਵੜੈਚ)-  ਨਗਰ ਨਿਗਮ ਰਣਜੀਤ ਐਵੀਨਿਊ ਦਫ਼ਤਰ ਵਿਚ ਪਿਛਲੇ ਦਿਨੀਂ ਮੌਕ ਡਰਿੱਲ ਦੌਰਾਨ ਕਮਿਸ਼ਨਰ ਸੋਨਾਲੀ ਗਿਰੀ ਨਾਲ ਫਾਇਰ ਸਬ-ਆਫੀਸਰ ਦੀ ਹੋਈ ਬਹਿਸ ਨੂੰ ਲੈ ਕੇ ਅੱਜ ਫਾਇਰ ਬਿਗ੍ਰੇਡ ਕਰਮੀ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ਮਿਲੇ। ਇਸ ਦੌਰਾਨ ਫਾਰ ਬਿਗ੍ਰੇਡ ਇੰਪਲਾਈਜ਼ ਯੂਨੀਅਨ ਇੰਟਕ ਦੇ ਪ੍ਰਧਾਨ ਪਰਮਜੀਤ ਅਤੇ ਜ਼ਿਲਾ ਪ੍ਰਧਾਨ ਇੰਟਕ ਸੁਰਿੰਦਰ ਸ਼ਰਮਾ, ਸੰਜੇ ਖੋਸਲਾ ਤੇ ਏ. ਡੀ. ਐੱਫ. ਓ. ਕਸ਼ਮੀਰ ਸਿੰਘ ਨੇ ਮੇਅਰ ਰਿੰਟੂ ਦੇ ਅੱਗੇ ਗੁਹਾਰ ਲਾਈ ਕਿ ਜੋ ਵੀ ਬੀਤੇ ਕੱਲ ਮੌਕ ਡਰਿੱਲ ਦੌਰਾਨ ਹੋਇਆ ਹੈ, ਉਹ ਗਲਤੀ ਨਾਲ ਹੋਇਆ ਹੈ, ਕਿਸੇ ਨੇ ਜਾਣਬੁੱਝ ਕੇ ਕੁੱਝ ਨਹੀਂ ਕੀਤਾ, ਉਹ ਆਪਣੇ ਸਟਾਫ ਵੱਲੋਂ ਖੁਦ ਮੁਆਫੀ ਮੰਗਦੇ ਹਨ, ਅੱਗੇ ਤੋਂ ਅਜਿਹੀ ਕੋਈ ਗਲਤੀ ਨਹੀਂ ਹੋਵੇਗੀ।
ਇਸ ਦੌਰਾਨ ਮੇਅਰ ਨੇ ਉਨ੍ਹਾਂ ਨੂੰ ਕਿਹਾ ਕਿ ਆਈ. ਏ. ਐੱਸ. ਅਧਿਕਾਰੀ ਨਾਲ ਅਜਿਹੀ ਗੱਲ ਕਰਨਾ ਗਲਤ ਹੈ, ਉਹ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਹੀ ਬੋਲ ਰਹੇ ਸਨ, ਕਿਸੇ ਨੂੰ ਉਨ੍ਹਾਂ ਵੱਲੋਂ ਗਲਤ ਨਹੀਂ ਕਿਹਾ ਗਿਆ ਹੈ, ਉਹ ਕਦੇ ਕਰਮਚਾਰੀਆਂ ਦਾ ਨੁਕਸਾਨ ਕਰਨਾ ਨਹੀਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਫਾਇਰ ਆਫੀਸਰ ਨੇ ਗਲਤੀ ਕੀਤੀ ਹੈ, ਉਹ ਆਪਣੇ ਆਪ ਕਮਿਸ਼ਨਰ ਸਾਹਿਬ ਦੇ ਕੋਲ ਜਾ ਕੇ ਗਲਤੀ ਦਾ ਅਹਿਸਾਸ ਕਰੇ ਮੈਂ ਵੀ ਉਨ੍ਹਾਂ ਨੂੰ ਕਹਾਂਗਾ, ਜਿਸ ਨੂੰ ਲੈ ਕੇ ਸਾਰੇ ਨੇ ਫਾਇਰ ਕਰਮੀਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਆਪਣੇ ਆਪ ਨਹੀਂ ਪੁੱਜੇ ਫਾਇਰ ਆਫੀਸਰ ਸੁਰਿੰਦਰ ਸਿੰਘ
ਸੀਨੀਅਰ ਫਾਇਰ ਆਫੀਸਰ ਸੁਰਿੰਦਰ ਸਿੰਘ ਦੀ ਕਮਿਸ਼ਨਰ ਗਿਰੀ ਨਾਲ ਨੋਕ-ਝੋਕ ਹੋਈ ਸੀ ਪਰ ਉਹ ਵੀਰਵਾਰ ਨੂੰ ਮੇਅਰ ਕੋਲ ਆਪਣੇ ਆਪ ਨਹੀਂ ਆਏ, ਸਗੋਂ ਉਨ੍ਹਾਂ ਦੇ ਫਾਇਰ ਬ੍ਰਿਗੇਡ ਦੇ ਸਾਥੀ ਉਨ੍ਹਾਂ ਦਾ ਪੱਖ ਰੱਖਣ ਲਈ ਆਏ। ਸੁਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਕਿਹਾ ਗਿਆ ਸੀ ਕਿ ਜੇਕਰ ਕਮਿਸ਼ਨਰ ਉਨ੍ਹਾਂ ਨੂੰ ਸਸਪੈਂਡ ਕਰੇਗੀ ਤਾਂ ਉਹ ਉਨ੍ਹਾਂ ਦੇ ਖਿਲਾਫ ਵਰਦੀ ਦੀ ਤੌਹੀਨ ਕਰਨ ਨੂੰ ਲੈ ਕੇ ਹਾਈਕੋਰਟ 'ਚ ਕੇਸ ਕਰਨਗੇ।


Related News