ਜਗਰਾਓਂ ਦੇ ਮੁੱਖ ਬਾਜ਼ਾਰ ''ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ (ਤਸਵੀਰਾਂ)
Tuesday, Jan 16, 2018 - 05:00 PM (IST)

ਜਗਰਾਓਂ (ਜਸਬੀਰ ਸ਼ੇਤਰਾ) : ਇੱਥੇ ਮੁੱਖ ਬਾਜ਼ਾਰ ਵਿਚਲੇ ਨਲਕਿਆਂ ਵਾਲੇ ਚੌਕ ਵਿੱਚ ਅੱਜ ਸਵੇਰੇ ਇਕ ਦੁਕਾਨ ਨੂੰ ਅੱਗ ਲੱਗ ਗਈ। ਅੱਗ 'ਤੇ ਫਾਇਰ ਬ੍ਰਿਗੇਡ ਵੱਲੋਂ ਸਮਾਂ ਰਹਿੰਦੇ ਕਾਬੂ ਪਾ ਲੈਣ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਹ ਬਾਜ਼ਾਰ ਬਹੁਤ ਤੰਗ ਤੇ ਸੰਘਣੀ ਆਬਾਦੀ ਵਿਚ ਸਥਿਤ ਹੈ, ਜਿਥੇ ਪੈਦਲ ਜਾਂ ਦੋ ਪਹੀਆ ਵਾਹਨਾਂ 'ਤੇ ਹੀ ਜਾਇਆ ਜਾ ਸਕਦਾ ਹੈ। ਬੂਟੀਕ ਦੀ ਦੁਕਾਨ ਤੋਂ ਸ਼ੁਰੂ ਹੋਈ ਅੱਗੇ ਹਾਲੇ ਨਾਲ ਦੀ ਸੁਨਿਆਰੇ ਦੀ ਦੁਕਾਨ ਤੱਕ ਹੀ ਪਹੁੰਚੀ ਸੀ ਕਿ ਭਾਰੀ ਜਦੋ-ਜਹਿਦ ਨਾਲ ਇਸ 'ਤੇ ਕਾਬੂ ਪਾ ਲਿਆ ਗਿਆ। ਅੱਗ ਕਾਰਨ ਬੂਟੀਕ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਵੇਰਵਿਆਂ ਅਨੁਸਾਰ ਫੂਲ ਡਿਜ਼ਾਈਨਰ ਬੂਟੀਕ ਦਾ ਮਾਲਕ ਫੂਲ ਚੰਦ ਸਵੇਰੇ ਨੌ ਵਜੇ ਦੇ ਕਰੀਬ ਦੁਕਾਨ ਵਿੱਚ ਸਫਾਈ ਆਦਿ ਕਰਕੇ ਚਲਾ ਗਿਆ। ਉਸ ਦੇ ਜਾਣ ਤੋਂ ਕਰੀਬ ਅੱਧਾ ਘੰਟਾ ਬਾਅਦ ਦੁਕਾਨ ਦੇ ਉਪਰ ਕਿਰਾਏ 'ਤੇ ਰਹਿੰਦੇ ਮਹਾਂਦੇਵ ਨੇ ਜਦੋਂ ਹੇਠਾਂ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਰੌਲਾ ਪਾ ਦਿੱਤਾ। ਦੁਕਾਨ ਮਾਲਕ ਦੇ ਵਾਪਸ ਆਉਣ ਅਤੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਅੱਗ ਪੂਰੀ ਦੁਕਾਨ ਵਿੱਚ ਫੈਲ ਚੁੱਕੀ ਸੀ। ਨਾਲ ਲੱਗਦੀ ਸੁਨਿਆਰੇ ਦੀ ਦੁਕਾਨ ਤੱਕ ਅੱਗ ਵਧ ਗਈ ਤਾਂ ਨੇੜਲੇ ਸਾਰੇ ਦੁਕਾਨਦਾਰਾਂ ਤੇ ਹੋਰ ਲੋਕਾਂ ਨੇ ਉਪਰ ਬਣੀਆਂ ਪਾਣੀਆਂ ਵਾਲੀਆਂ ਟੈਂਕੀਆਂ ਵਿੱਚੋਂ ਪਾਣੀ ਸੁੱਟ ਕੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ।
ਕੁਝ ਹੀ ਸਮੇਂ ਵਿੱਚ ਫਾਇਰ ਬ੍ਰਿਗੇਡ ਵੀ ਪਹੁੰਚ ਗਈ। ਪਰ ਇਹ ਮੁੱਖ ਗੇਟ ਤੱਕ ਹੀ ਪਹੁੰਚ ਸਕੀ ਅਤੇ ਅੱਗੇ ਬਾਜ਼ਾਰ ਤੰਗ ਹੋਣ ਕਰਕੇ ਫਾਇਰਮੈਨਾਂ ਨੂੰ ਕਰੀਬ ਸੌ ਫੁੱਟ ਪਾਈਪ ਨਾਲ ਪਾਣੀ ਅੱਗ ਤੱਕ ਪਹੁੰਚਦਾ ਕਰਨਾ ਪਿਆ। ਫਾਇਰ ਬਿਗ੍ਰੇਡ ਦੀ ਗੱਡੀ ਨਾਲ ਦਸ ਕਰਮਚਾਰੀ ਪਹੁੰਚੇ ਸਨ ਜਿਨ•ਾਂ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸਮਝਿਆ ਜਾਂਦਾ ਹੈ ਕਿ ਅੱਗ ਬੁਟੀਕ ਅੰਦਰ ਪ੍ਰੈੱਸ ਚੱਲਦੀ ਰਹਿ ਜਾਣ ਕਰਕੇ ਲੱਗੀ। ਦੁਕਾਨ ਮਾਲਕ ਨੇ ਅੱਗ ਕਾਰਨ ਕਈ ਮਹਿੰਗੇ ਸੂਟ, ਪੰਜ ਮਸ਼ੀਨਾਂ, ਇਨਵਰਟਰ, ਟੀ.ਵੀ. ਤੇ ਹੋਰ ਸਾਮਾਨ ਸੜ ਜਾਣ ਦੀ ਗੱਲ ਆਖੀ ਹੈ। ਨਾਲ ਦੀ ਬੀ.ਕੇ. ਜਿਊਲਰਜ਼ ਦਾ ਬਾਹਰਲਾ ਬੋਰਡ ਸੜ ਗਿਆ ਪਰ ਦੁਕਾਨ ਅੰਦਰ ਬਚਾਅ ਹੋ ਗਿਆ। ਮੌਕੇ 'ਤੇ ਡੀ.ਐਸ.ਪੀ. ਕੰਵਰਪਾਲ ਸਿੰਘ ਬਾਜਵਾ, ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ, ਏ.ਐਸ.ਆਈ. ਸੁਖਬੇਗ ਸਿੰਘ, ਏ.ਐਸ.ਆਈ. ਹਰਮੇਸ਼ ਕੁਮਾਰ ਸਮੇਤ ਪੁਲੀਸ ਪਾਰਟੀ ਪਹੁੰਚੇ ਹੋਏ ਸਨ। ਡੀ.ਐਸ.ਪੀ. ਬਾਜਵਾ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਉਨ•ਾਂ ਕਿਹਾ ਕਿ ਫਾਇਰ ਬ੍ਰਿਗੇਡ ਤੇ ਲੋਕਾਂ ਦੀ ਮੱਦਦ ਨਾਲ ਸਮੇਂ ਸਿਰ ਅੱਗ 'ਤੇ ਕਾਬੂ ਪਾ ਲੈਣ ਕਰਕੇ ਜਾਨੀਂ ਨੁਕਸਾਨ ਤੋਂ ਬਚਾਅ ਹੋ ਗਿਆ।
ਫਾਇਰਮੈਨ ਸਹੂਲਤਾਂ ਤੋਂ ਸੱਖਣੇ
ਮੰਗਲਵਾਰ ਸਵੇਰੇ ਇਥੇ ਲੱਗੀ ਅੱਗ 'ਤੇ ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਨਾਲ ਕਾਬੂ ਪਾਇਆ ਤਾਂ ਫਾਇਰਮੈਨਾਂ ਨੂੰ ਜਾਨ ਦਾਅ 'ਤੇ ਲਾਉਣੀ ਪਈ। ਉਨ੍ਹਾਂ ਕੋਲ ਨਾ ਦਸਤਾਨੇ ਸਨ, ਨਾ ਪੈਰਾਂ ਵਿੱਚ ਪਾਉਣ ਲਈ ਅਗਨੀ ਬੂਟ ਅਤੇ ਨਾ ਹੀ ਫਾਇਰ ਕੋਟ। ਇਨ੍ਹਾਂ ਜ਼ਰੂਰੀ ਵਸਤਾਂ ਦੀ ਘਾਟ ਹਰੇਕ ਨੂੰ ਰੜਕੀ ਪਰ ਜਦੋਂ ਇਕ ਕਰਮਚਾਰੀ ਨਾਲ ਗੱਲ ਕੀਤੀ ਤਾਂ ਇਹ ਸੁਣ ਕੇ ਹੈਰਾਨੀ ਹੋਈ ਕਿ ਉਨ੍ਹਾਂ ਕੋਲ ਇਹ ਸਾਧਨ ਉਪਲਬਧ ਹੀ ਨਹੀਂ ਹਨ।