3 ਮੰਜ਼ਿਲਾ ਪ੍ਰਿੰਟਿੰਗ ਫੈਕਟਰੀ ’ਚ ਲੱਗੀ ਭਿਆਨਕ ਅੱਗ, ਵਰਕਰਾਂ ਨੇ ਭੱਜ ਕੇ ਬਚਾਈ ਜਾਨ
Tuesday, Jun 06, 2023 - 11:41 AM (IST)

ਲੁਧਿਆਣਾ (ਜ. ਬ.) : ਨੀਚੀ ਮੰਗਲੀ ਸਥਿਤ 3 ਮੰਜ਼ਿਲਾ ਪ੍ਰਿੰਟਿੰਗ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਗਰਾਊਂਡ ਫਲੋਰ ਤੋਂ ਹੁੰਦੇ ਹੋਏ ਪਹਿਲਾਂ ਦੂਜੀ ਅਤੇ ਫਿਰ ਤੀਜੀ ਮੰਜ਼ਿਲ ਤੱਕ ਪੁੱਜ ਗਈ। ਘਟਨਾ ਸਮੇਂ ਅੰਦਰ ਵਰਕਰ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਬਾਹਰ ਭੱਜ ਕੇ ਜਾਨ ਬਚਾਈ। ਜਾਣਕਾਰੀ ਮੁਤਾਬਕ ਨੀਚੀ ਮੰਗਲੀ ’ਚ ਯੂ. ਐੱਸ. ਏ. ਟੈਕਨਾਲੋਜੀ ਕੈਰੀ ਬੈਗ ਦੀ ਪ੍ਰਿੰਟਿੰਗ ਫੈਕਟਰੀ ਹੈ। ਸ਼ਾਮ ਨੂੰ ਅਚਾਨਕ ਫੈਕਟਰੀ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜੋ ਹੌਲੀ-ਹੌਲੀ ਅੱਗ ਦੇ ਭਾਂਬੜ ਦਾ ਰੂਪ ਧਾਰ ਗਿਆ।
ਅੰਦਰ ਕੰਮ ਕਰ ਰਹੇ ਵਰਕਰ ਬਾਹਰ ਵੱਲ ਭੱਜੇ ਅਤੇ ਬਾਹਰ ਆ ਕੇ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਅੱਗ ਵੱਧਦੀ ਗਈ। ਕੁੱਝ ਦੇਰ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਅੱਗ ਬੁਝਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਪਰ ਅੱਗ ਦੇਖਦੇ ਹੀ ਦੇਖਦੇ ਭਿਆਨਕ ਹੋ ਗਈ, ਜਿਸ ਕਾਰਨ ਫੈਕਟਰੀ ਦੀ ਇਕ ਕੰਧ ਵੀ ਡਿੱਗ ਗਈ। ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਫਾਇਰ ਅਫ਼ਸਰ ਆਤਿਸ਼ ਰਾਏ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਅੱਗ ਨਾਲ ਫੈਕਟਰੀ ’ਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਫੈਕਟਰੀ ਦੀ ਇਮਾਰਤ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ।