ਲੁਧਿਆਣਾ ਦੀ ਕੱਪੜਾ ਫੈਕਟਰੀ 'ਚ ਭਿਆਨਕ ਅੱਗ, ਮਚੀ ਹਫੜਾ-ਦਫੜੀ (ਵੀਡੀਓ)

Monday, Mar 02, 2020 - 11:27 AM (IST)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਰਾਹੋਂ ਰੋਡ 'ਤੇ ਸਥਿਤ ਮਿਹਰਬਾਨ ਥਾਣੇ ਨੇੜੇ 'ਮਲਹੋਤਰਾ ਫੈਬਰਿਕਸ' ਦੀ ਇਮਾਰਤ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਇਹ ਅੱਗ ਇੰਨੀ ਭਿਆਨਕ ਸੀ ਕਿ ਪਲਾਂ 'ਚ 3 ਮੰਜ਼ਿਲਾ ਇਮਾਰਤ ਅੱਗ ਦੀ ਲਪੇਟ 'ਚ ਆ ਗਈ।

ਫਿਲਹਾਲ ਮੌਕੇ 'ਤੇ ਪੁੱਜੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਅੱਗ 'ਤੇ ਕਾਬੂ ਪਾਉਣ 'ਚ ਲੱਗੇ ਹੋਏ ਹਨ। ਅੱਗ ਬੁਝਾਊ ਅਮਲੇ ਦੇ ਅਫਸਰ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਤੜਕੇ ਸਵੇਰੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਤੱਕ ਘਟਨਾ ਵਾਲੀ ਥਾਂ 'ਤੇ ਗੱਡੀਆਂ ਪੁੱਜੀਆਂ, ਉਦੋਂ ਤੱਕ ਪੂਰੀ ਤਿੰਨ ਮੰਜ਼ਿਲਾ ਇਮਾਰਤ ਅੱਗ ਦੇ ਹਵਾਲੇ ਹੋ ਚੁੱਕੀ ਸੀ।

ਉਨ੍ਹਾਂ ਕਿਹਾ ਕਿ 15 ਤੋਂ ਵੱਧ ਗੱਡੀਆਂ ਲੱਗ ਚੁੱਕੀਆਂ ਹਨ ਅਤੇ ਹੁਣ ਅੱਗ ਸਿਰਫ 25-30 ਫੀਸਦੀ ਹੀ ਰਹਿ ਗਈ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਖਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।


author

Babita

Content Editor

Related News